ਭਾਕਿਯੂ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਹੋਈ ਇਕੱਤਰਤਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਪੂਰਥਲਾ ਦੀ ਹੋਈ ਮੀਟਿੰਗ
Publish Date: Sat, 11 Apr 2026 10:39 PM (IST)
Updated Date: Sat, 11 Apr 2026 10:41 PM (IST)

- ਕਾਰਪੋਰੇਟ ਘਰਾਣੇ ਭਾਰਤੀ ਰਾਜ ਸੱਤਾ ’ਤੇ ਅਸਿੱਧੇ ਰੂਪ ’ਚ ਕਾਬਜ਼ : ਹਰਨੇਕ ਮਹਿਮਾ - ਕਿਸਾਨੀ ਦੀ ਲੁੱਟ ਖ਼ਿਲਾਫ਼ ਸੰਘਰਸ਼ ਕਰਾਂਗੇ ਤੇਜ਼ : ਰਾਣਾ ਸੈਦੋਵਾਲ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਣਾ ਹਰਜਿੰਦਰ ਸਿੰਘ ਸੈਦੋਵਾਲ ਦੀ ਪ੍ਰਧਾਨਗੀ ਹੇਠ ਪਿੰਡ ਢਪੱਈ ਜ਼ਿਲ੍ਹਾ ਕਪੂਰਥਲਾ ਵਿਖੇ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸੈਂਕੜੇ ਕਿਸਾਨਾਂ ਦੀ ਸ਼ਮੂਲੀਅਤ ਵਾਲੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤਾਂ ਅਤੇ ਕਾਰਖਾਨਿਆਂ ਵਿੱਚ ਪੈਦਾਵਾਰ ਕਰਨ ਵਾਲਿਆਂ ਦੀ ਵਿਹਲੜ ਕਾਰਪੋਰੇਟਾਂ ਵੱਲੋਂ ਲੁੱਟ ਲੰਬੇ ਸਮੇਂ ਤੋਂ ਜਾਰੀ ਹੈ ਅਤੇ ਸਾਲ ਦਰ ਸਾਲ ਇਸ ਲੁੱਟ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਕਿਸਾਨਾਂ-ਮਜ਼ਦੂਰਾਂ ਸਿਰ ਜਿੰਨਾ ਕੁੱਲ ਕਰਜ਼ਾ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਠੱਗੀ ਫਸਲਾਂ ਦੇ ਘੱਟ ਭਾਅ ਦੇ ਕੇ ਕਿਸਾਨਾਂ ਨਾਲ ਮਾਰੀ ਗਈ ਹੈ। ਆਰਗੇਨਾਈਜੇਸ਼ਨ ਆਫ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ (ਓਈਸੀਡੀ) ਦੀ ਰਿਪੋਰਟ ਅਨੁਸਾਰ ਸਾਲ 2000 ਤੋਂ 2025 ਤੱਕ ਕਿਸਾਨਾਂ ਦੀਆਂ ਫਸਲਾਂ ਦੇ ਘੱਟ ਭਾਅ ਦੇ ਕੇ 110 ਲੱਖ ਕਰੋੜ ਦੀ ਠੱਗੀ ਮਾਰੀ ਗਈ ਹੈ। ਇਕੱਲੇ ਸਾਲ 2023 ਦੌਰਾਨ 14 ਲੱਖ 72 ਹਜ਼ਾਰ ਕਰੋੜ ਰੁਪਏ ਕਿਸਾਨਾਂ ਤੋਂ ਠੱਗ ਲਿਆ ਗਿਆ ਹੈ। ਅਸਲ ਵਿੱਚ ਕਾਰਪੋਰੇਟ ਘਰਾਣੇ ਅਸਿੱਧੇ ਰੂਪ ਵਿੱਚ ਰਾਜ ਸੱਤਾ ਤੇ ਕਾਬਜ਼ ਹਨ ਅਤੇ ਰਾਜ ਦੇ ਸਾਰੇ ਅੰਗ ਸਰਕਾਰ, ਅਦਾਲਤਾਂ ਅਤੇ ਸੁਰੱਖਿਆ ਫੋਰਸਾਂ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਨੂੰ ਕਾਇਮ ਰੱਖਣ ਦੇ ਹੀ ਸਾਧਨ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐੱਮਐੱਸਪੀ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਇਸ ਵਿੱਚ ਵੀ ਬਹੁਤ ਹੇਰਾਫੇਰੀਆਂ ਕੀਤੀਆਂ ਜਾਂਦੀਆਂ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਸਾਰੀਆਂ ਫਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਅਤੇ ਐੱਮਐੱਸਪੀ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ-2 50% ਦੇ ਫਾਰਮੂਲੇ ਅਨੁਸਾਰ ਦਿੱਤੀ ਜਾਵੇ। ਆਗੂਆਂ ਨੇ ਇਸ ਲੁੱਟ ਤੋਂ ਨਿਜਾਤ ਪਾਉਣ ਅਤੇ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਜਥੇਬੰਦਕ ਸੰਘਰਸ਼ਾਂ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਇਤਿਹਾਸਕ ਉਦਾਹਰਨਾਂ ਰਾਹੀਂ ਦੱਸਿਆ ਕਿ ਜਦੋਂ ਵੀ ਲੋਕ ਇਕੱਠੇ ਹੋਏ ਹਨ ਤਾਂ ਉਨ੍ਹਾਂ ਨੇ ਜਾਬਰਾਂ ਦੇ ਮੂੰਹ ਮੋੜੇ ਹਨ। ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਵੀ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਕਰਨ ਲਈ ਹੀ ਲਿਆਂਦੇ ਗਏ ਹਨ। ਮਜ਼ਦੂਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਜਿਹੜੇ ਨਿਗੂਣੇ ਕਾਨੂੰਨ ਬਣੇ ਸਨ, ਉਹ ਰੱਦ ਕਰ ਕੇ ਚਾਰ ਲੇਬਰ ਕੋਡ ਬਣਾ ਦਿੱਤੇ ਹਨ ਅਤੇ ਮਗਨਰੇਗਾ ਰਾਹੀਂ ਮਿਲਦੀ ਦਿਹਾੜੀ ਵੀ ਖੋਹ ਲਈ ਗਈ ਹੈ। ਕਿਸਾਨਾਂ-ਮਜ਼ਦੂਰਾਂ ਤੇ ਇਹ ਸਾਰੇ ਵਾਰ ਸਾਮਰਾਜ ਵੱਲੋਂ ਨਿਰਦੇਸ਼ਿਤ ਨੀਤੀਆਂ ਰਾਹੀਂ ਹੋ ਰਹੇ ਹਨ। ਇਸੇ ਲਈ ਸੰਯੁਕਤ ਕਿਸਾਨ ਮੋਰਚਾ ਨੇ 23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਮਨਾਇਆ ਹੈ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਅਧੀਨ ਸਾਰੇ ਭਾਰਤ ਵਿੱਚ ਸਾਮਰਾਜ ਦੇ ਇਨ੍ਹਾਂ ਹੱਲਿਆਂ ਖ਼ਿਲਾਫ਼ ਸੰਘਰਸ਼ ਤੇਜ਼ ਕੀਤੇ ਜਾ ਰਹੇ ਹਨ। ਇਸ ਮੌਕੇ ਹਾਜ਼ਰ ਕਿਸਾਨਾਂ ਮਜ਼ਦੂਰਾਂ ਨੇ ਕਾਰਪੋਰੇਟ ਲੁੱਟ ਅਤੇ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਕਰਨ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਅਹਿਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਣਾ ਹਰਜਿੰਦਰ ਸਿੰਘ ਸੈਦੋਵਾਲ ਨੇ ਸਾਰੇ ਆਗੂਆਂ ਅਤੇ ਵਿਸ਼ੇਸ਼ ਤੌਰ ’ਤੇ ਅਮਰਜੀਤ ਸਿੰਘ ਢਪੱਈ, ਮਨਜੀਤ ਸਿੰਘ ਅਤੇ ਸਰਬਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਸਕੱਤਰ ਬਿੰਦੂ ਸੁੰਨੜਵਾਲ, ਪ੍ਰੈੱਸ ਸਕੱਤਰ ਹਰਜੀਤ ਸਿੰਘ, ਖਜਾਨਚੀ ਸੁਖਚੈਨ ਸਿੰਘ, ਮਨਜਿੰਦਰ ਕਮਲ, ਪਰਵਿੰਦਰ ਸਿੰਘ ਸਰਪੰਚ ਸੈਦੋਵਾਲ, ਗੁਰਦੀਪ ਸਿੰਘ, ਜਸਵੀਰ ਸਿੰਘ, ਦਲਜੀਤ ਸਿੰਘ, ਜਗਮੋਹਨ ਸਿੰਘ ਨਡਾਲਾ, ਸਾਹਿਤਕਾਰ ਚੰਨ ਮੋਮੀ, ਬਲਵੀਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।