ਮਾਤਾ ਭੱਦਰਕਾਲੀ ਜੀ ਦਾ 79ਵਾਂ ਸਲਾਨਾ ਮੇਲੇ ਦਾ ਪ੍ਰੋਗਰਾਮ ਜਾਰੀ
ਮਾਤਾ ਭੱਦਰਕਾਲੀ ਜੀ ਦਾ 79ਵਾਂ ਸਲਾਨਾ ਮੇਲੇ ਦਾ ਪ੍ਰੋਗਰਾਮ ਜਾਰੀ
Publish Date: Tue, 21 Apr 2026 09:48 PM (IST)
Updated Date: Tue, 21 Apr 2026 09:52 PM (IST)

8 ਮਈ ਨੂੰ ਝੰਡੇ ਦੀ ਰਸਮ ਨਾਲ ਹੋਵੇਗੀ ਸ਼ੁਰੂਆਤ 10 ਦੁਰਗਾ ਸਤੁਤੀ ਪਾਠ ਤੇ 12 ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜੇਗੀ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਸ਼ੇਖੂਪੁਰ ਸਥਿਤ ਇਤਿਹਾਸਕ ਮੰਦਿਰ ਮਾਤਾ ਭੱਦਰਕਾਲੀ ਜੀ ਦੇ 79ਵੇਂ ਸਲਾਨਾ ਮੇਲੇ ਦਾ ਪ੍ਰੋਗਰਾਮ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਤਾ ਦੇ ਭਗਤਾਂ ਵੱਲੋਂ ਤਿਆਰੀਆਂ ਵੀ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਸ਼੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਪੰਡਿਤ ਰਾਧੇ ਸ਼ਾਮ ਸ਼ਰਮਾ ਤੇ ਪ੍ਰਧਾਨ ਪ੍ਰਸ਼ੋਤਮ ਪਾਸੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 12 ਤੇ 13 ਮਈ ਨੂੰ ਹੋਣ ਵਾਲੇ ਇਸ ਸਲਾਨਾ ਮੇਲੇ ਦੀ ਸ਼ੁਰੂਆਤ 8 ਮਈ 2026 ਨੂੰ ਸਵੇਰੇ 8 ਵਜੇ ਝੰਡੇ ਦੀ ਰਸਮ ਨਾਲ ਕੀਤੀ ਜਾਵੇਗੀ। ਝੰਡਾ ਰਸਮ ਤੋਂ ਬਾਅਦ ਸ਼੍ਰੀ ਰਾਮਾਇਣ ਪਾਠ ਸ਼ੁਰੂ ਹੋਵੇਗਾ, ਜਿਸ ਦਾ ਭੋਗ 9 ਮਈ ਸਵੇਰੇ ਪਾਇਆ ਜਾਵੇਗਾ। ਪ੍ਰੋਗਰਾਮ ਅਨੁਸਾਰ 10 ਮਈ ਨੂੰ ਸਵੇਰੇ 6 ਵਜੇ ਤੋਂ 1100 ਸ਼੍ਰੀ ਦੁਰਗਾ ਸਤੁਤੀ ਪਾਠ ਕਰਵਾਏ ਜਾਣਗੇ। 11 ਮਈ (ਸੋਮਵਾਰ) ਨੂੰ ਸਵੇਰੇ ਸ਼੍ਰੀ ਸੁੰਦਰਕਾਂਡ ਪਾਠ ਤੇ ਰਾਤ ਨੂੰ ਮਾਤਾ ਦੀ ਚੌਕੀ ਦਾ ਆਯੋਜਨ ਕੀਤਾ ਜਾਵੇਗਾ। ਚੌਕੀ ਵਿਚ ਭਜਨ ਗਾਇਕ ਵਰੁਣ ਮਦਾਨ ਆਪਣੇ ਭਜਨਾਂ ਰਾਹੀਂ ਮਹਾਮਾਈ ਦਾ ਗੁਣਗਾਨ ਕਰਨਗੇ । 12 ਮਈ ਨੂੰ ਮੰਦਿਰ ਪਰਿਸਰ ਵਿੱਚ ਹੋਣ ਵਾਲੇ ਮਹਾਮਾਈ ਦੇ ਜਾਗਰਣ ਵਿੱਚ ਭਜਨ ਗਾਇਕ ਲਵਿਸ ਲਵ, ਅਵਿਨਾਸ਼ ਸ਼ਰਮਾ ਅਤੇ ਪ੍ਰਸਿੱਧ ਭੇਟ ਗਾਇਕ ਲਖਬੀਰ ਸਿੰਘ ਲੱਖਾ ਮਹਾਮਾਈ ਦਾ ਜਸ ਗਾਉਣਗੇ। 13 ਮਈ ਨੂੰ ਭਜਨ ਗਾਇਕ ਗੋਗੀ ਸੋਹਤਾ ਆਪਣੇ ਭਜਨਾਂ ਨਾਲ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਲਗਾਉਣਗੇ। ਇਸ ਤੋਂ ਇਲਾਵਾ 12 ਮਈ ਨੂੰ ਪ੍ਰਾਚੀਨ ਸ਼੍ਰੀ ਬ੍ਰਹਮਕੁੰਡ ਮੰਦਿਰ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਗੁਜ਼ਰਦੀ ਹੋਈ ਦੇਰ ਰਾਤ ਤੱਕ ਮਾਤਾ ਭੱਦਰਕਾਲੀ ਮੰਦਿਰ ਪਰਿਸਰ ਵਿਚ ਪਹੁੰਚੇਗੀ। ਉੱਧਰ 14 ਮਈ ਨੂੰ ਸ਼੍ਰੀ ਖਾਟੂ ਸ਼ਿਆਮ ਜੀ ਦੇ ਭਜਨਾਂ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਗੌਰਵ ਸ਼ਰਮਾ ਭਜਨਾਂ ਰਾਹੀਂ ਭਗਤਾਂ ਨੂੰ ਮੰਤਰਮੁਗਧ ਕਰਨਗੇ। ਸੇਵਾਦਾਰ ਤਰੁਣ ਬਹਿਲ ਨੇ ਦੱਸਿਆ ਕਿ ਮੇਲੇ ਦੌਰਾਨ ਸ਼ਰਧਾਲੂਆਂ ਲਈ ਛਬੀਲ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਮੰਦਿਰ ਵਿਚ ਕੀਤਾ ਜਾਵੇਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਮੇਲਾ ਕਪੂਰਥਲਾ ਤੇ ਹੋਰ ਇਲਾਕਿਆਂ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਵੱਡੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ, ਜਿਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।