ਮਾਸਟਰ ਕੈਡਰ ਯੂਨੀਅਨ ਨੇ ਗਵਰਨਰ ਨੂੰ ਦਿੱਤਾ ਮੈਮੋਰੰਡਮ
ਮਾਸਟਰ ਕੈਡਰ ਯੂਨੀਅਨ ਪੰਜਾਬ ਵੱਲੋਂ ਗਵਰਨਰ ਨੂੰ ਮੈਮੋਰੈਂਡਮ, ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਉਠਾਈਆਂ
Publish Date: Thu, 16 Apr 2026 08:52 PM (IST)
Updated Date: Thu, 16 Apr 2026 08:54 PM (IST)
ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਉਠਾਈਆਂ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਮਾਸਟਰ ਕੈਡਰ ਯੂਨੀਅਨ ਪੰਜਾਬ ਵੱਲੋਂ ਵੀਰਵਾਰ ਨੂੰ ਬਲਦੇਵ ਸਿੰਘ ਬੁਟਰ, ਵਾਸ਼ਿੰਗਟਨ ਸਿੰਘ, ਹਰਭਜਨ ਸਿੰਘ, ਜਗਜੀਤ ਸਿੰਘ, ਅਰਜਿੰਦਰ ਸਿੰਘ ਕਲੇਰ, ਸੰਦੀਪ ਕੁਮਾਰ ਅਤੇ ਰਮਨ ਕੁਮਾਰ ਦੀ ਅਗਵਾਈ ਵਿੱਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਬਟਾਲਾ ਵਿਖੇ ਮੈਮੋਰੰਡਮ ਸੌਂਪ ਕੇ ਅਧਿਆਪਕਾਂ ਅਤੇ ਸਰਕਾਰੀ ਮੁਲਾਜ਼ਮਾਂ ਨਾਲ ਜੁੜੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਉਠਾਈਆਂ ਗਈਆਂ । ਇਸ ਮੌਕੇ ਲੈਕਚਰਾਰ ਕੈਡਰ ਯੂਨੀਅਨ ਅਤੇ ਐਲੀਮੈਂਟਰੀ ਟੀਚਰ ਯੂਨੀਅਨ ਦੇ ਨੁਮਾਇੰਦੇ ਪ੍ਰਭਜੋਤ ਸਿੰਘ ਜੋਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 2010 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ’ਤੇ ਆਰਟੀਈ ਐਕਟ ਲਾਗੂ ਨਹੀਂ ਹੁੰਦਾ, ਇਸ ਲਈ ਉਨ੍ਹਾਂ ਲਈ ਟੀਚਰ ਐਲੀਜਿਬਿਲਿਟੀ ਟੈਸਟ (ਟੀਈਟੀ) ਲਾਜ਼ਮੀ ਕਰਨਾ ਨਾਇਨਸਾਫ਼ੀ ਹੈ ਅਤੇ ਇਸ ਮਾਮਲੇ ’ਚ ਤੁਰੰਤ ਛੋਟ ਦਿੱਤੀ ਜਾਵੇ। ਇਸ ਦੇ ਨਾਲ ਹੀ ਯੂਨੀਅਨ ਨੇ ਕਿਹਾ ਕਿ ਪੰਜਾਬ ਦੇ ਕਰਮਚਾਰੀਆਂ ਨੂੰ ਇਸ ਵੇਲੇ ਕੇਵਲ 42 ਫੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਹੈ, ਜਦਕਿ ਕੇਂਦਰੀ ਕਰਮਚਾਰੀਆਂ ਨੂੰ 58 ਫੀਸਦੀ ਮਿਲ ਰਿਹਾ ਹੈ, ਜਿਸ ਨਾਲ 16 ਫੀਸਦੀ ਦਾ ਵੱਡਾ ਅੰਤਰ ਬਣਦਾ ਹੈ। ਇਸ ਅੰਤਰ ਕਰ ਕੇ ਕਰਮਚਾਰੀਆਂ ਦੀ ਆਰਥਿਕ ਹਾਲਤ ਬੇਹੱਦ ਨਾਜ਼ੁਕ ਹੋ ਚੁੱਕੀ ਹੈ। ਯੂਨੀਅਨ ਨੇ ਦੱਸਿਆ ਕਿ 2016 ਤੋਂ ਲਾਗੂ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਅਜੇ ਤੱਕ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਵੱਡੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਲਈ ਇਹ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।
ਯੂਨੀਅਨ ਦੇ ਆਗੂਆਂ ਨੇ ਗਵਰਨਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਉਕਤ ਮੰਗਾਂ ਤੁਰੰਤ ਮਨਜ਼ੂਰ ਕਰਨ ਲਈ ਹਦਾਇਤਾਂ ਜਾਰੀ ਕਰਨ, ਤਾਂ ਜੋ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਰਾਹਤ ਮਿਲ ਸਕੇ। ਅੰਤ ਵਿੱਚ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਯੂਨੀਅਨ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਉਕਤ ਮੰਗਾਂ ਨੂੰ ਗੰਭੀਰਤਾ ਨਾਲ ਵੇਖਿਆ ਜਾਵੇਗਾ ਅਤੇ ਉਹਨਾਂ ਨੂੰ ਮਨਵਾਉਣ ਲਈ ਯੋਗ ਕਾਰਵਾਈ ਕੀਤੀ ਜਾਵੇਗੀ।