ਮਾਸਟਰ ਕੈਡਰ ਯੂਨੀਅਨ ਵੱਲੋਂ ਅਧਿਆਪਕਾਂ ’ਤੇ ਪੁਲਿਸ ਤਸ਼ੱਦਦ ਦੀ ਨਿਖੇਧੀ
ਮਾਸਟਰ ਕੇਡਰ ਯੂਨੀਅਨ ਵੱਲੋਂ ਅਧਿਆਪਕਾਂ ਤੇ ਪੁਲਿਸ ਤਸ਼ੱਦਦ ਦੀ ਨਿਖੇਧੀ
Publish Date: Thu, 12 Mar 2026 08:01 PM (IST)
Updated Date: Thu, 12 Mar 2026 08:03 PM (IST)

ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਮਾਸਟਰ ਕੈਡਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਖੁੰਡਾ, ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ, ਜਨਰਲ ਸਕੱਤਰ ਅਰਜਨਜੀਤ ਸਿੰਘ, ਵਿੱਤ ਸਕੱਤਰ ਹਰਨੇਕ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸ਼ਰਮਾ ਨੇ ਟੈੱਟ ਦੀ ਮੰਗ ਨੂੰ ਲੈ ਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਥੱਲੇ ਹਜ਼ਾਰਾਂ ਅਧਿਆਪਕਾਂ ਵੱਲੋਂ ਪੰਜਾਬ ਵਿਧਾਨ ਸਭਾ ਵੱਲ ਅਮਨ ਪੂਰਵਕ ਮਾਰਚ ਦੌਰਾਨ ਪੰਜਾਬ ਸਰਕਾਰ ਦੀ ਸ਼ਹਿ ’ਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਆਪਕਾਂ ’ਤੇ ਥੋਪੇ ਜਬਰੀ ਟੀਈਟੀ (ਟੈੱਟ) ਪਾਸ ਕਰਨ ਦੀ ਸ਼ਰਤ ਖਿਲਾਫ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਸੈਕਟਰ 25 ਵਿਚ ਸਾਂਝੀ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਜਾ ਰਹੇ ਅਧਿਆਪਕ ਕਾਫ਼ਲੇ ’ਤੇ ਚੰਡੀਗੜ ਪੁਲਿਸ ਨੇ ਮੁੜ ਦਮਨ ਚੱਕਰ ਚਲਾਇਆ। ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਸੰਘਰਸ਼ੀ ਅਧਿਆਪਕਾਂ ’ਤੇ ਵੱਡਾ ਜਬਰ ਕੀਤਾ ਗਿਆ। ਇਸ ਧੱਕੇ ਦੇ ਬਾਵਜੂਦ ਅਧਿਆਪਕ ਸੰਘਰਸ਼ਾਂ ਦੇ ਮੈਦਾਨ ਵਿਚ ਡਟੇ ਹੋਏ ਹਨ। ਇਕ ਹਫ਼ਤੇ ਦੇ ਅੰਦਰ-ਅੰਦਰ ਮੁਲਾਜ਼ਮਾਂ/ਅਧਿਆਪਕਾਂ ਤੇ ਦੂਜੀ ਵਾਰ ਚੰਡੀਗੜ ਵਿਚ ਦਾਖ਼ਲੇ ਨੂੰ ਰੋਕਣ ਲਈ ਕੀਤੇ ਤਿੱਖੇ ਜਬਰ ਨੇ ਚੰਡੀਗੜ ਪ੍ਰਸ਼ਾਸਨ ਤੇ ਪੰਜਾਬ ਦੀ ਆਪ ਸਰਕਾਰ ਦੇ ਮੁਲਾਜ਼ਮ ਵਿਰੋਧੀ ਕਿਰਦਾਰ ਦੇ ਖੁੱਲ੍ਹੇ ਦਰਸ਼ਨ ਕਰਵਾ ਦਿੱਤੇ ਹਨ। ਪੁਲਿਸ ਬਲ ਨਾਲ ਚੰਡੀਗੜ ਵਿਚ ਦਾਖਲੇ ਨੂੰ ਰੋਕਿਆ ਜਾ ਸਕਦਾ ਹੈ ਪਰ ਪੰਜਾਬ ਦੇ ਲੋਕਾਂ ਦੇ ਲੜਨ ਦੇ ਹੌਸਲਿਆਂ ਨੂੰ ਨਹੀਂ। ਪੰਜਾਬ ਦੀ ਮੁਲਾਜ਼ਮ ਤੇ ਅਧਿਆਪਕ ਲਹਿਰ ਇਸ ਧੱਕੇ ਖਿਲਾਫ ਵੱਡੀ ਚੁਣੌਤੀ ਬਣਨ ਦੀ ਤਾਕਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਨਕਲਾਬ ਕਿਰਦਾਰ ਨਾਅਰਿਆਂ ਨਾਲ਼ ਨਹੀਂ ਅਮਲਾਂ ਨਾਲ਼ ਸਿੱਧ ਹੁੰਦਾ ਹੈ। ਮੁਲਾਜ਼ਮਾਂ ਦੇ ਜ਼ਮੀਨੀ ਸੰਘਰਸ਼ ਨੇ ਆਪ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਲਈ ਵੱਡਾ ਯੋਗਦਾਨ ਪਾਇਆ ਸੀ ਤੇ ਹੁਣ ਇਨ੍ਹਾਂ ਦੇ ਸਿਰ ਚੜ੍ਹੇ ਸੱਤਾ ਦੇ ਗ਼ਰੂਰ ਨੂੰ ਤੋੜਨ ਵਿਚ ਵੀ ਮੁਲਾਜ਼ਮ ਪਿੱਛੇ ਨਹੀਂ ਰਹਿਣਗੇ।