ਅਧਿਆਪਕ ਨੂੰ ਇਨਸਾਫ ਦਿਵਾਉਣ ਲਈ 3 ਪਿੰਡਾਂ ਦੀ ਪੰਚਾਇਤ ਨੇ ਦਿੱਤਾ ਧਰਨਾ
ਅੰਮ੍ਰਿਤਪੁਰ ਰਾਜੇਵਾਲ ਸਕੂਲ ਦੇ ਅਧਿਆਪਕ ਨੂੰ ਇਨਸਾਫ ਦਿਵਾਉਣ ਲਈ ਡੀ.ਈ.ਓ. ਸੈਕੰਡਰੀ ਦੇ ਦਫਤਰ ਮੂਹਰੇ ਵਿਸ਼ਾਲ ਰੋਸ ਧਰਨਾ
Publish Date: Tue, 27 Jan 2026 09:38 PM (IST)
Updated Date: Tue, 27 Jan 2026 09:40 PM (IST)

ਅਮਰੀਕ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਦੇ ਅਧਿਆਪਕ ਸੁਰਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਨੂੰ ਲੈ ਕੇ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ, ਐੱਸਐੱਮਸੀ ਕਮੇਟੀ, ਡੀਟੀਐੱਫ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਭਰਾਤਰੀ ਅਧਿਆਪਕ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਦੇ ਦਫਤਰ ਮੂਹਰੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਬਲਵੰਤ ਸਿੰਘ ਸਰਪੰਚ ਰਾਜੇਵਾਲ, ਸ਼ਿੰਗਾਰਾ ਸਿੰਘ ਸਰਪੰਚ ਅੰਮ੍ਰਿਤਪੁਰ, ਪਰਮਜੀਤ ਕੌਰ ਸਰਪੰਚ ਮੁੰਡੀ ਛੰਨਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮੱਲ ਤੇ ਅਮਰਜੀਤ ਜਵਾਲਾਪੁਰ ਜ਼ਿਲ੍ਹਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਪੁਰ ਰਾਜੇਵਾਲ ਸਕੂਲ ਦੇ ਅਧਿਆਪਕ ਸੁਰਿੰਦਰ ਸਿੰਘ ਨੂੰ ਸਕੂਲ ਮੁਖੀ ਵੱਲੋਂ ਕਥਿਤ ਤੌਰ ’ਤੇ ਸਕੂਲ ਵਿਚ ਹਾਜ਼ਰ ਹੋਣ ਦੇ ਬਾਵਜੂਦ ਗੈਰ-ਹਾਜ਼ਰ ਕਰਾਰ ਦੇ ਕੇ ਉਸ ਦੇ ਖਿਲਾਫ ਸਾਜ਼ਿਸ਼ ਤਹਿਤ ਸ਼ਿਕਾਇਤ ਜ਼ਿਲ੍ਹਾ ਸਿੱਖਿਆ ਦਫਤਰ (ਸੈਕੰਡਰੀ) ਕਪੂਰਥਲਾ ਨੂੰ ਲਿਖਤੀ ਰੂਪ ਵਿਚ ਭੇਜੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਦੁਆਰਾ ਪਹਿਲਾਂ ਤਾਂ ਕੇਸ ਨੂੰ ਲਮਕਾਇਆ ਗਿਆ, ਜਦੋਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ, ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਇਸ ਮਸਲੇ ਬਾਰੇ ਸਕੂਲ ਮੁਖੀ ਨਾਲ ਮਿਲ ਕੇ ਪੁੱਛਿਆ ਕਿ ਪੀੜਤ ਅਧਿਆਪਕ ਰੋਜ਼ਾਨਾ ਸਕੂਲ ਵਿਚ ਹਾਜ਼ਰ ਹੋਣ ਦੇ ਬਾਵਜੂਦ ਇਸ ਨੂੰ ਗੈਰ-ਹਾਜ਼ਰ ਕਰਾਰ ਦਿੰਦੇ ਹੋ ਤਾਂ ਸਕੂਲ ਮੁਖੀ ਵੱਲੋਂ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਸਗੋਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਮੋਹਤਬਰ ਵਿਅਕਤੀਆਂ ਨਾਲ ਕਥਿਤ ਦੁਰਵਿਵਹਾਰ ਕੀਤਾ। ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਰੋਸ ਵਜੋਂ ਸਕੂਲ ਦੇ ਗੇਟ ਮੂਹਰੇ ਨਾਅਰੇਬਾਜ਼ੀ ਕੀਤੀ ਤਾਂ ਇਸ ਦੀ ਭਿਣਕ ਪੈਂਦੇ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਬਿਨ੍ਹਾਂ ਕਿਸੇ ਪੜਤਾਲ ਕਰਨ ਦੇ ਬਾਵਜੂਦ ਕੇਸ ਨੂੰ ਉੱਚ ਅਧਿਕਾਰੀਆਂ ਪਾਸ ਚੰਡੀਗੜ੍ਹ ਭੇਜ ਦਿੱਤਾ ਗਿਆ। ਸਬੰਧਤ ਅਧਿਆਪਕ ਨੂੰ ਇਨਸਾਫ ਨਾ ਮਿਲਦਾ ਵੇਖ ਤੇ ਸਕੂਲ ਮੁਖੀ ਦੇ ਤਾਨਾਸ਼ਾਹੀ ਵਤੀਰੇ ਵਿਰੁੱਧ ਅੱਜ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ, ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਸਾਂਝੇ ਰੂਪ ਵਿਚ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਕਪੂਰਥਲਾ ਦਾ ਘਿਰਾਓ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਮੰਗ ਕੀਤੀ ਕਿ ਪੀੜਤ ਅਧਿਆਪਕ ਸੁਰਿੰਦਰ ਸਿੰਘ ਨੂੰ ਸਕੂਲ ਵਿਚ ਤੁਰੰਤ ਹਾਜ਼ਰ ਕਰਵਾ ਕੇ ਇਨਸਾਫ ਦਿਵਾਇਆ ਜਾਵੇ, ਇਸ ਕੇਸ ਨੂੰ ਜਾਣਬੁੱਝ ਕੇ ਲਟਕਾਉਣ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਦੇ ਦਫਤਰ ਵਿਚ ਅਣਅਧਿਕਾਰਤ ਤੌਰ ’ਤੇ ਬੈਠੇ ਇਕ ਕੰਪਿਊਟਰ ਅਧਿਆਪਕ ਨੂੰ ਤੁਰੰਤ ਫਾਰਗ ਕਰਕੇ ਸਕੂਲ ਭੇਜਿਆ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਾਇਬ ਤਹਿਸੀਲਦਾਰ, ਐੱਸਐੱਚਓ ਸਦਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਵੱਲੋਂ ਧਰਨੇ ਵਿਚ ਆ ਕੇ ਇਹ ਵਿਸ਼ਵਾਸ਼ ਦਿਵਾਇਆ ਗਿਆ ਕਿ ਮਿਤੀ 2 ਫਰਵਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਕਪੂਰਥਲਾ ਤੇ ਪ੍ਰਸ਼ਾਸ਼ਨ ਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਪਹੁੰਚ ਕੇ ਸਕੂਲ ਮੁਖੀ, ਪੀੜਤ ਅਧਿਆਪਕ ਤੇ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਗੇ। ਇਸ ਵਿਸ਼ਵਾਸ਼ ਨਾਲ ਅੱਜ ਦਾ ਧਰਨਾ ਸਮਾਪਤ ਕੀਤਾ ਗਿਆ। ਧਰਨੇ ਨੂੰ ਭਰਾਤਰੀ ਜਥੇਬੰਦੀਆਂ ਵਿਚੋਂ ਰਛਪਾਲ ਸਿੰਘ ਵੜੈਚ ਸੂਬਾਈ ਆਗੂ ਗੌਰਮਿੰਟ ਟੀਚਰ ਯੂਨੀਅਨ, ਨਰੇਸ਼ ਕੋਹਲੀ ਜ਼ਿਲ੍ਹਾ ਪ੍ਰਧਾਨ ਮਾਸਟਰ ਕਾਡਰ ਯੂਨੀਅਨ, ਸੰਦੀਪ ਸਿੰਘ ਗਿੱਲ ਸੂਬਾ ਪ੍ਰਧਾਨ 4161 ਯੂਨੀਅਨ, ਜਸਪਾਲ ਸਿੰਘ ਬਾਠ ਆਗੂ ਐਲੀਮੈਂਟਰੀ ਟੀਚਰ ਯੂਨੀਅਨ, ਕਰਮ ਸਿੰਘ ਕਿਰਤੀ ਕਿਸਾਨ ਯੂਨੀਅਨ ਤੋਂ ਇਲਾਵਾ, ਤਜਿੰਦਰ ਸਿੰਘ, ਜੈਮਲ ਸਿੰਘ, ਗੁਰਮੁੱਖ ਲੋਕ ਪ੍ਰੇਮੀ, ਮਲਕੀਤ ਸਿੰਘ, ਅਵਤਾਰ ਸਿੰਘ ਗਿੱਲ, ਜਸਵਿੰਦਰ ਸਿੰਘ, ਸੁਖਪਾਲ ਸਿੰਘ, ਪਵਨ ਕੁਮਾਰ, ਨਰਿੰਦਰ ਸਿੰਘ ਔਜਲਾ, ਬਲਵਿੰਦਰ ਭੰਡਾਲ, ਬਲਵੀਰ ਸਿੰਘ, ਗੁਰਦੀਪ ਧੰਮ, ਨਰਿੰਦਰ ਭੰਡਾਰੀ, ਗੌਰਵ ਗਿੱਲ, ਵੀਨੂੰ ਸੇਖੜੀ, ਅਮਨਪ੍ਰੀਤ ਕੌਰ, ਹਰਵਿੰਦਰ ਵਿਰਦੀ, ਸੁਰਿੰਦਰਪਾਲ ਸਿੰਘ, ਸੁਖਦਰਸ਼ਨ ਸਿੰਘ, ਗੁਰਮੇਜ਼ ਸਿੰਘ ਐੱਸਐੱਮਸੀ ਚੇਅਰਮੈਨ, ਨੱਥਾ ਸਿੰਘ, ਸਤਪਾਲ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ, ਬੱਗਾ ਸਿੰਘ, ਆਦਿ ਅਧਿਆਪਕ ਆਗੂ ਅਤੇ ਸਕੂਲ ਤੇ ਬੱਚੇ ਅਤੇ ਮਾਪੇ ਆਦਿ ਸ਼ਾਮਲ ਸਨ।