ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ
ਦੇਸ਼-ਵਿਆਪੀ ਹੜਤਾਲ ਦੇ ਹੱਕ ’ਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ
Publish Date: Thu, 12 Feb 2026 08:09 PM (IST)
Updated Date: Thu, 12 Feb 2026 08:11 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਦੇਸ਼ ਪੱਧਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੀਤੀ ਗਈ ਦੇਸ਼-ਵਿਆਪੀ ਆਮ ਹੜਤਾਲ ਦੇ ਸਮਰਥਨ ਵਿਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਲੱਖਣ ਕੇ ਪੱਡਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੇ ਅਮਰੀਕਾ ਦਰਮਿਆਨ ਹੋਏ ਟੈਕਸ-ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਪ੍ਰਗਟਾਇਆ। ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਮਰੀਕੀ ਦਬਾਅ ਹੇਠ ਆ ਕੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਹਿਤਾਂ ਨਾਲ ਸਮਝੌਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਝੌਤੇ ਦੇਸ਼ ਦੀ ਖੇਤੀਬਾੜੀ ਤੇ ਸਥਾਨਕ ਉਦਯੋਗਾਂ ਲਈ ਘਾਤਕ ਸਾਬਤ ਹੋਣਗੇ। ਇਸ ਮੌਕੇ ਆਗੂਆਂ ਨੇ ਬਠਿੰਡਾ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਤੇ ਅੱਥਰੂ ਗੈਸ ਦੇ ਪ੍ਰਯੋਗ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਸਾਥੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਲੋਕਤਾਂਤਰਿਕ ਅਧਿਕਾਰਾਂ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਆਗੂਆਂ ਨੇ ਪ੍ਰੈੱਸ ਦੀ ਆਜ਼ਾਦੀ ’ਤੇ ਹੋ ਰਹੇ ਹਮਲਿਆਂ ਦਾ ਵੀ ਗੰਭੀਰ ਨੋਟਿਸ ਲਿਆ। ਇਸ ਪ੍ਰਦਰਸ਼ਨ ਵਿਚ ਮਾਸਟਰ ਰਘਬੀਰ ਸਿੰਘ, ਜਸਵੰਤ ਵਿਰਲੀ, ਜਗਜੀਤ ਔਜਲਾ, ਬਾਬਾ ਗੁਰਦੇਵ ਸਿੰਘ ਪੱਡਾ, ਮਾਸਟਰ ਕੇਵਲ ਸਿੰਘ, ਬਲਦੇਵ ਸਿੰਘ, ਫਕੀਰ ਸਿੰਘ, ਪਰਮਜੀਤ ਸਿੰਘ, ਬਹਾਦਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਪੰਮਾ ਪੱਡਾ, ਜੱਸਾ ਪੱਡਾ, ਪਿੰਦਾ ਪੱਡਾ, ਸਰਵਣ ਸਿੰਘ, ਕਰਮ ਸਿੰਘ, ਰਾਣਾ ਫੌਜੀ, ਸੁਰਜੀਤ ਸਿੰਘ, ਡਿਪਟੀ, ਜੀਤਾ ਕੰਬੋਜ, ਤਾਰ ਪੱਡਾ, ਸਤਵਿੰਦਰ ਸਿੰਘ, ਬਲਵੰਤ ਸਿੰਘ, ਸੁਖਮਨ ਬਾਜਵਾ ਮੁੱਦੋਵਾਲ, ਗੋਪਾ ਪੱਡਾ, ਬਿੱਲਾ ਪੱਡਾ ਤੇ ਹੋਰ ਆਗੂ ਹਾਜ਼ਰ ਸਨ।