ਸ਼ੋਭਾ ਯਾਤਰਾ ਵਾਲੇ ਦਿਨ ਖੋਲ੍ਹੀਆਂ ਸ਼ਰਾਬ ਦੀਆਂ ਕਈ ਦੁਕਾਨਾਂ, ਮਾਮਲਾ ਦਰਜ
ਸ਼ੋਭਾ ਯਾਤਰਾ ਵਾਲੇ ਦਿਨ ਫਗਵਾੜਾ ਚ ਖੁੱਲੀਆਂ ਰਹੀਆਂ ਸ਼ਰਾਬ ਦੀਆਂ ਕਈ ਦੁਕਾਨਾਂ, ਮਾਮਲਾ ਦਰਜ
Publish Date: Sat, 14 Feb 2026 06:41 PM (IST)
Updated Date: Sat, 14 Feb 2026 06:42 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸਨਾਤਨ ਧਰਮ ਦੀ ਸਭ ਤੋਂ ਪਰਮ-ਪਵਿੱਤਰ ਸ਼ੋਭਾ ਯਾਤਰਾ ਜੋ ਕਿ ਹਰ ਸਾਲ ਫਗਵਾੜਾ ਵਿਖੇ ਬੜੇ ਹੀ ਸ਼ਰਧਾ ਤੇ ਉਤਸ਼ਾਹ ਨਾਲ ਸਮੂਹ ਸਨਾਤਨ ਪ੍ਰੇਮੀਆਂ ਵੱਲੋਂ ਸਜਾਈ ਜਾਂਦੀ ਹੈ। ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ ਵੱਲੋਂ ਪੱਤਰ ਜਾਰੀ ਕਰਕੇ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਸ਼ੋਭਾ ਯਾਤਰਾ ਵਾਲੇ ਦਿਨ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਵੀ ਫਗਵਾੜਾ ਵਿਚ ਸਰਾਏ ਰੋਡ ਦੇ ਨਜ਼ਦੀਕ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਮਿਲੀਆਂ। ਜਿਸ ਤੋਂ ਬਾਅਦ ਥਾਣਾ ਸਿਟੀ ਫਗਵਾੜਾ ਵਿਖੇ ਦੋ ਦੁਕਾਨਾਂ ’ਤੇ ਡੀਸੀ ਹੁਕਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ਤਿਉਹਾਰ ਸਬੰਧੀ ਮਾਨਯੋਗ ਮੈਜਿਸਟਰੇਟ ਕਪੂਰਥਲਾ ਅਮਿਤ ਕੁਮਾਰ ਵੱਲੋਂ ਮੀਟ, ਮੱਛੀ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦਾ ਹੁਕਮ ਹੋਇਆ ਸੀ ਪਰ ਸਰਾਏ ਰੋਡ ਦੇ ਨਜ਼ਦੀਕ ਠੇਕਾ ਸ਼ਰਾਬ ਅੰਗਰੇਜ਼ੀ ਤੇ ਦੇਸੀ ਤੇ ਝਟਕਈਆਂ ਚੌਂਕ ਦੇ ਨਜ਼ਦੀਕ ਠੇਕਾ ਸ਼ਰਾਬ ਅੰਗਰੇਜ਼ੀ ਤੇ ਦੇਸੀ ਖੁੱਲ੍ਹੇ ਪਾਏ ਗਏ ਤੇ ਉੱਥੇ ਸ਼ਰੇਆਮ ਵਿਕਰੀ ਹੋ ਰਹੀ ਸੀ, ਜਿਸ ਦੇ ਮੱਦੇਨਜ਼ਰ ਠੇਕੇਦਾਰ ਗੁਰਪ੍ਰੀਤ ਸਿੰਘ ਤੇ ਹਨੀ ’ਤੇ ਕਾਰਵਾਈ ਕਰਦੇ ਹੋਏ 188 ਆਈਪੀਸੀ 223 ਬੀਐੱਨਐੱਸ ਤਹਿਤ ਦੋਵਾਂ ’ਤੇ ਮਾਮਲਾ ਦਰਜ ਕੀਤਾ ਗਿਆ।