ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ’ਚ ਪੁਲਿਸ ਚਲਾਇਆ 'ਕਾਸੋ'
ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਵਿੱਚ ਵੱਡੀ ਪੁਲਿਸ ਕਾਰਵਾਈ 'ਕਾਸੋ'
Publish Date: Mon, 06 Apr 2026 09:08 PM (IST)
Updated Date: Mon, 06 Apr 2026 09:11 PM (IST)

--ਨੀਂਦ ਤੋਂ ਜਾਗਿਆ ਪੁਲਿਸ ਪ੍ਰਸ਼ਾਸਨ, ਸਰਚ ਅਪ੍ਰੇਸ਼ਨ ਚਲਾਇਆ ਲਖਵੀਰ ਸਿੰਘ ਲੱਖੀ ,ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਵਿਚ ਵਸਦੇ ਮੁਹੱਲਾ ਪੰਡੋਰੀ, ਜਿਥੇ ਮੌਤ ਦਾ ਸੌਦਾ ਸ਼ਰੇਆਮ ਵਿਕ ਰਿਹਾ ਸੀ। ਉਹ ਘਰ ਜਿਥੇ 4-4 ਜਨਾਜ਼ੇ ਨਿਕਲ ਗਏ ਤੇ 5ਵਾਂ ਪੁੱਤ ਵੀ ਮੌਤ ਤੇ ਜ਼ਿੰਦਗੀ ਦੀ ਜੰਗ ਲੜ ਰਿਹਾ। ਬੀਤੇ ਦਿਨ ਜਦੋਂ ਨਸ਼ਿਆਂ ਦੀ ਦਲਦਲ ਕਾਰਨ ਦੁਖੀ ਪਰਿਵਾਰਾਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਦੁੱਖ ਸਾਂਝਾ ਕੀਤਾ ਤਾਂ ਮੀਡੀਆ ਦੇ ਕੈਮਰੇ ਇਨ੍ਹਾਂ ਦੇ ਵੇਹੜੇ ਪਹੁੰਚ ਗਏ। ਇਨ੍ਹਾਂ ਦੁਖੀ ਹਿਰਦਿਆਂ ਦੇ ਸਿਰਫ ਅੱਥਰੂ ਹੀ ਨਹੀਂ ਸਗੋਂ ਸਿਸਟਮ ਦੀ ਤਸਵੀਰ ਵੀ ਦੁਨੀਆਂ ਦੇ ਸਾਹਮਣੇ ਦਿਖਾਈ ਤੇ ਜਦੋਂ ਖਬਰਾਂ ਆਈਆਂ ਤਾਂ ਦੁਨੀਆਂ ਭਰ ਵਿਚ ਦੁਹਾਈ ਪੈਗਈ ਈ ਤੇ ਫਿਰ ਨੀਂਦ ਤੋਂ ਜਾਗਿਆ ਪੁਲਿਸ ਪ੍ਰਸ਼ਾਸਨ। ਅੱਜ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਉਹ ਕਰ ਵਿਖਾਇਆ ਜਿਸ ਦੀ ਉਡੀਕ ਇਹ ਮੁਹੱਲਾ ਸਾਲਾਂ ਤੋਂ ਕਰ ਰਿਹਾ ਸੀ। ਇਹ ਸਿਰਫ ਇਕ ਸਰਚ ਆਪਰੇਸ਼ਨ ਨਹੀਂ ਬਲਕਿ ਪੁਲਿਸ ਪ੍ਰਸ਼ਾਸਨ ਵਿਲੋਂ ਇਕ ਕੋਸ਼ਿਸ਼ ਹੈ ਉੱਜੜ ਰਹੇ ਘਰਾਂ ਨੂੰ ਬਚਾਉਣ ਦੀ। ਪੁਲਿਸ ਨੇ ਖੁਦ ਅੱਗੇ ਵੱਧ ਕੇ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਆਪਣੇ ਮੋਢਿਆਂ ’ਤੇ ਚੁੱਕਿਆ ਤੇ ਹਸਪਤਾਲ ਵਿਚ ਦਾਖਲ ਕਰਵਾਇਆ। ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੌਰਾਨ ਅੱਜ ਐੱਸਐੱਸਪੀ ਕਪੂਰਥਲਾ ਦੇ ਨਿਰਦੇਸ਼ਾਂ ਹੇਠ ਤੇ ਏਐਸਪੀ ਧੁਰੇਂਦਰ ਵਰਮਾ ਦੀ ਨਿਗਰਾਨੀ ਤੇ ਇੰਸਪੈਕਟਰ ਹਰਿੰਦਰ ਸਿੰਘ ਐੱਸਐੱਚਓ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਕਾਸੋ (ਕਾਰਡਨ ਅਤੇ ਸਰਚ ਆਪ੍ਰੇਸ਼ਨ) ਤਹਿਤ ਮੁਹੱਲਾ ਪੰਡੋਰੀ ਵਿਚ ਇਕ ਸਰਚ ਆਪ੍ਰੇਸ਼ਨ ਚਲਾਇਆ ਗਿਆ, ਜਿਸ ਵਿਚ ਐੱਸਐੱਚਓ ਥਾਣਾ ਤਲਵੰਡੀ ਚੌਧਰੀਆਂ ਇੰਸਪੈਕਟਰ ਸੋਨਮਦੀਪ ਕੌਰ, ਐੱਸਐੱਚਓ ਫੱਤੂ ਢੀਂਗਾ ਅਮਨਦੀਪ ਕੌਰ ਤੇ ਲਗਭਗ 100 ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਸੀ। ਇਸ ਆਪ੍ਰੇਸ਼ਨ ਦੌਰਾਨ, ਪੁਲਿਸ ਨੇ ਘਰ-ਘਰ ਤਲਾਸ਼ੀ ਲਈ ਤੇ ਕਿਸੇ ਵੀ ਸ਼ੱਕੀ ਗਤੀਵਿਧੀਆਂ ਤੇ ਸਖ਼ਤ ਨਜ਼ਰ ਰੱਖੀ। ਮੁਹਿੰਮ ਦੌਰਾਨ, ਨਸ਼ੇ ਦੀ ਲਤ ਤੋਂ ਪੀੜਤ ਨੌਜਵਾਨਾਂ ਦੀ ਪਛਾਣ ਕੀਤੀ ਗਈ ਤੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿਚ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਪੁਲਿਸ ਅਨੁਸਾਰ, ਕੁਝ ਨੌਜਵਾਨਾਂ ਨੂੰ ਤੁਰੰਤ ਇਲਾਜ ਲਈ ਭੇਜਿਆ ਗਿਆ, ਜਦੋਂ ਕਿ ਹੋਰਾਂ ਨੂੰ ਵੀ ਜਲਦੀ ਹੀ ਕੇਂਦਰਾਂ ਵਿਚ ਦਾਖਲ ਕਰਵਾਇਆ ਜਾਣਾ ਹੈ। ਇਸ ਮੌਕੇ ਏਐੱਸਪੀ ਧੁਰੇਂਦਰ ਵਰਮਾ ਨੇ ਦੱਸਿਆ ਕਿ ਮੁਹੱਲਾ ਪੰਡੋਰੀ ਬਾਰੇ ਇਕ ਰਿਪੋਰਟ ਹਾਲ ਹੀ ਵਿਚ ਵਾਇਰਲ ਹੋਈ ਸੀ, ਜਿਸ ਵਿਚ ਇੱਕ ਔਰਤ ਨੇ ਆਪਣੇ ਚਾਰ ਪੁੱਤਰਾਂ ਦੀ ਨਸ਼ੇ ਕਾਰਨ ਹੋਈ ਮੌਤ ਬਾਰੇ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਤਿੰਨ ਹੋਰ ਨੌਜਵਾਨਾਂ ਨੂੰ ਵੀ ਨਸ਼ਾ ਮੁੜ ਵਸੇਬਾ ਕੇਂਦਰਾਂ ਵਿਚ ਦਾਖਲ ਕਰਵਾਇਆ ਜਾਵੇਗਾ। ਇਸ ਕਾਰਵਾਈ ਤੋਂ ਪਹਿਲਾਂ, ਪੁਲਿਸ ਨੇ ਇਸ ਖੇਤਰ ਦੇ ਨੌਜਵਾਨਾਂ ਵਿਰੁੱਧ ਨਸ਼ਿਆਂ ਦੇ ਅਪਰਾਧਾਂ ਨਾਲ ਸਬੰਧਤ ਚਾਰ ਮਾਮਲੇ ਦਰਜ ਕੀਤੇ ਸਨ। ਏਐੱਸਪੀ ਵਰਮਾ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਇਲਾਜ ਲਈ ਮੁੜ ਵਸੇਬਾ ਕੇਂਦਰਾਂ ਵਿਚ ਦਾਖਲ ਕਰਵਾਇਆ ਜਾਵੇਗਾ, ਜਦੋਂ ਕਿ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਤੇ ਮੀਡੀਆ ਨੂੰ ਅਪੀਲ ਕੀਤੀ ਕਿ ਜੇ ਨਸ਼ਾ ਤਸਕਰਾਂ ਬਾਰੇ ਉਨ੍ਹਾਂ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਦੇਣ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਬਣਾਇਆ ਜਾ ਸਕਦਾ ਹੈ।