- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਤਮਾ ਫੂਲੇ ਦੀ ਜੀਵਨੀ ਹਰ ਸਕੂਲ ਵਿੱਚ ਪੜ੍ਹਾਈ ਜਾਣੀ ਚਾਹੀਦੀ ਹੈ-ਲੱਦੜ/ਠਾਕੁਰ

- ਭਾਜਪਾ ਐੱਸਸੀ ਮੋਰਚਾ ਨੇ ਜੋਤੀਬਾ ਫੂਲੇ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨ ਦਾ ਲਿਆ ਪ੍ਰਣ
ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਭਾਜਪਾ ਐੱਸਸੀ ਮੋਰਚਾ ਨੇ ਸ਼ਨਿਚਰਵਾਰ ਨੂੰ ਸੂਬਾ ਭਾਜਪਾ ਦਫ਼ਤਰ ਵਿਖੇ ਮਹਾਨ ਸਮਾਜ ਸੁਧਾਰਕ ਮਹਾਤਮਾ ਜੋਤੀਬਾ ਫੂਲੇ ਦੀ 199ਵੀਂ ਜੈਅੰਤੀ ਮਨਾਈ। ਇਸ ਮੌਕੇ ਸੇਵਾਮੁਕਤ ਆਈਏਐੱਸ ਅਧਿਕਾਰੀ ਅਤੇ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਪ੍ਰਧਾਨ ਐੱਸਆਰ ਲੱਧੜ ਅਤੇ ਸੂਬਾ ਚੀਫ ਕੋਆਰਡੀਨੇਟਰ ਪ੍ਰਦੀਪ ਠਾਕੁਰ ਨੇ ਜੋਤੀਬਾ ਫੂਲੇ ਨੂੰ ਉਨ੍ਹਾਂ ਦੀ ਤਸਵੀਰ ’ਤੇ ਫੁੱਲ ਭੇਟ ਕਰ ਕੇ ਯਾਦ ਕੀਤਾ। ਇਸ ਦੌਰਾਨ ਭਾਜਪਾ ਆਗੂਆਂ ਨੇ ਮਹਾਤਮਾ ਫੂਲੇ ਦੇ ਸਿੱਖਿਆ ਅਤੇ ਸਮਾਜਿਕ ਉੱਨਤੀ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ। ਇਸ ਦੌਰਾਨ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਪ੍ਰਧਾਨ ਐੱਸਆਰ ਲੱਧੜ ਨੇ ਕਿਹਾ ਕਿ ਜੋਤੀਬਾ ਫੂਲੇ ਨੇ ਸਿੱਖਿਆ ਰਾਹੀਂ ਔਰਤਾਂ ਅਤੇ ਵਾਂਝੇ ਵਰਗਾਂ ਨੂੰ ਸਸ਼ਕਤ ਬਣਾਉਣ ਦਾ ਰਾਹ ਪੱਧਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮਹਾਤਮਾ ਫੂਲੇ ਨੇ ਜਾਤੀ ਭੇਦਭਾਵ, ਛੂਤ-ਛਾਤ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਜੀਵਨ ਭਰ ਲੜਾਈ ਲੜੀ। ਉਨ੍ਹਾਂ ਨੇ ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਉੱਚਾ ਚੁੱਕਣ ਵਿੱਚ ਮੁੱਖ ਭੂਮਿਕਾ ਨਿਭਾਈ।
ਇਸ ਮੌਕੇ ਲੱਧੜ ਨੇ ਲੋਕਾਂ ਨੂੰ ਮਹਾਤਮਾ ਫੂਲੇ ਦੇ ਆਦਰਸ਼ਾਂ ਨੂੰ ਅਪਣਾਉਣ ਅਤੇ ਸਮਾਜ ਵਿੱਚ ਸਮਾਨਤਾ ਅਤੇ ਸਿੱਖਿਆ ਵੱਲ ਕੰਮ ਕਰਨ ਦੀ ਅਪੀਲ ਕੀਤੀ। ਲੱਧੜ ਨੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਅਤੇ ਸਿੱਖਿਆ ਦੀ ਮਹੱਤਤਾ ਨੂੰ ਜਨਤਾ ਤੱਕ ਫੈਲਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਭਾਜਪਾ ਐੱਸਸੀ ਮੋਰਚਾ ਦੇ ਸੂਬਾ ਚੀਫ ਕੋਆਡੀਨੇਟਰ ਪ੍ਰਦੀਪ ਠਾਕੁਰ ਨੇ ਮਹਾਤਮਾ ਜੋਤੀਬਾ ਫੂਲੇ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਮਹਾਨ ਸਮਾਜ ਸੇਵਕ, ਚਿੰਤਕ, ਦਾਰਸ਼ਨਿਕ ਅਤੇ ਲੇਖਕ ਸਨ। ਔਰਤਾਂ ਦੀ ਸਿੱਖਿਆ ਅਤੇ ਸਮਾਜ ਸੁਧਾਰ ਪ੍ਰਤੀ ਉਨ੍ਹਾਂ ਦਾ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਫੂਲੇ ਜਾਣਦੇ ਸਨ ਕਿ ਦੇਸ਼ ਅਤੇ ਸਮਾਜ ਵਿੱਚ ਸੱਚੀ ਤਰੱਕੀ ਉਦੋਂ ਤੱਕ ਅਸੰਭਵ ਹੋਵੇਗੀ, ਜਦੋਂ ਤੱਕ ਹਰ ਬੱਚਾ ਜਾਤੀਵਾਦ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਜਾਂਦਾ। ਇਸ ਤੋਂ ਇਲਾਵਾ ਦੇਸ਼ ਦੀਆਂ ਔਰਤਾਂ ਨੂੰ ਸਮਾਜ ਦੇ ਹਰ ਖੇਤਰ ਵਿੱਚ ਬਰਾਬਰ ਅਧਿਕਾਰਾਂ ਦੀ ਘਾਟ ਸੀ, ਜਿਸੇ ਲਈ ਉਨ੍ਹਾਂ ਨੇ ਕਈ ਉਪਰਾਲੇ ਕੀਤੇ। ਉਨ੍ਹਾਂ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਿਕ ਸੁਧਾਰ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮਹਾਤਮਾ ਫੂਲੇ ਇੱਕ ਮਹਾਨ ਸਮਾਜ ਸੁਧਾਰਕ ਅਤੇ ਸਿੱਖਿਆ ਸ਼ਾਸਤਰੀ ਸਨ, ਜਿਨ੍ਹਾਂ ਨੇ ਦੇਸ਼ ਭਰ ਵਿੱਚ ਸਿੱਖਿਆ ਦਾ ਸੰਦੇਸ਼ ਫੈਲਾਇਆ ਅਤੇ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਦੀਪ ਠਾਕੁਰ ਨੇ ਕਿਹਾ ਕਿ ਮਹਾਤਮਾ ਫੂਲੇ ਦੀ ਜੀਵਨੀ ਹਰ ਸਕੂਲ ਵਿੱਚ ਪੜ੍ਹਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਮਾਜ ਦੇ ਲੋਕਾਂ ਨੂੰ ਉਨ੍ਹਾਂ ਦੀ ਜੀਵਨੀ ਬਾਰੇ ਦੱਸ ਕੇ ਜਾਗਰੂਕ ਵੀ ਕੀਤਾ ਜਾਣਾ ਚਾਹੀਦਾ ਹੈ।