- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾਂ ਹਿੰਦੂਆਂ ਦੀ ਆਸਥਾ ਨਾਲ ਜੁੜੇ ਮਹਾਸ਼ਿਵਰਾਤਰੀ ਪਾਵਨ ਤਿਉਹਾਰ ਨੂੰ ਰਾਜਕੀ ਮਾਣ ਦਿਵਾ ਕੇ ਰਹਾਂਗੇ : ਘਨੌਲੀ / ਟੰਡਨ

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ
ਫਗਵਾੜਾ : ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਮਾਣ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਨੇ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਅਤੇ ਪੰਜਾਬ ਚੇਅਰਮੈਨ ਰਾਜੀਵ ਟੰਡਨ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇਕ ਮੰਗ ਪੱਤਰ ਸਥਾਨਕ ਤਹਿਸੀਲਦਾਰ ਨੂੰ ਸੌਂਪਿਆ।
ਮੰਗ ਪੱਤਰ ਸੌਂਪਣ ਤੋਂ ਬਾਅਦ ਸ਼ਿਵ ਸੈਨਾ ਦੇ ਸੀਨੀਅਰ ਪ੍ਰਦੇਸ਼ ਉਪ ਪ੍ਰਧਾਨ ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਸੂਬਾਈ ਬੁਲਾਰੇ ਵਿਪਨ ਸ਼ਰਮਾ ਤੇ ਸਿਟੀ ਪ੍ਰਧਾਨ ਅੰਕੁਰ ਬੇਦੀ ਦੀ ਮੌਜੂਦਗੀ ਵਿਚ ਘਨੌਲੀ ਤੇ ਟੰਡਨ ਨੇ ਦੱਸਿਆ ਕਿ ਸ਼ਿਵ ਸੈਨਾ ਪੰਜਾਬ ਮਹਾਸ਼ਿਵਰਾਤਰੀ ਨੂੰ ਸਰਕਾਰੀ ਮਾਣ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਪੰਜਾਬ ਭਰ ਤੋਂ ਸ਼ਿਵ ਸੈਨਿਕ ਮੁੱਖ ਮੰਤਰੀ ਦੇ ਨਾਮ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਰਹੇ ਹਨ। ਇਸੇ ਲੜੀ ਵਿਚ ਫਗਵਾੜਾ ਵਿਚ ਵੀ ਮੰਗ ਪੱਤਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚਾਹੇ ਕੋਈ ਵੀ ਸਰਕਾਰ ਹੋਵੇ, ਹਿੰਦੂ ਸਮਾਜ ਦੀਆਂ ਆਸਥਾਵਾਂ ਅਤੇ ਧਾਰਮਿਕ ਭਾਵਨਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਪ੍ਰਧਾਨ ਸੰਜੀਵ ਘਨੌਲੀ ਨੇ ਕਿਹਾ ਕਿ ਸਾਖਸ਼ਾਤ ਮਹਾਕਾਲ ਭਗਵਾਨ ਸ਼ਿਵ ਪ੍ਰਤੀ ਦੇਸ਼-ਵਿਦੇਸ਼ ਵਿਚ ਵਸਦੇ ਸੌ ਕਰੋੜ ਤੋਂ ਵੱਧ ਹਿੰਦੂਆਂ ਦੀ ਡੂੰਘੀ ਸ਼ਰਧਾ ਹੈ। ਇਸ ਲਈ ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਵੀ ਹੋਰ ਧਰਮਾਂ ਦੇ ਤਿਉਹਾਰਾਂ ਵਾਂਗ ਰਾਜ ਪੱਧਰ ‘ਤੇ ਪੂਰੇ ਸਨਮਾਨ ਨਾਲ ਮਨਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਆਮ ਆਦਮੀ ਪਾਰਟੀ ਤੋਂ ਉਮੀਦ ਕਰਦਾ ਹੈ ਕਿ ਪਿਛਲੀਆਂ ਸਰਕਾਰਾਂ ਦੌਰਾਨ ਜਿਸ ਤਰ੍ਹਾਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਹੁੰਦੀ ਰਹੀ, ਉਹ ਹੁਣ ਬੰਦ ਹੋਵੇ ਅਤੇ ਹਿੰਦੂ ਸਮਾਜ ਦੀ ਆਸਥਾ ਨੂੰ ਪੂਰਾ ਮਾਣ-ਸਨਮਾਨ ਮਿਲੇ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਭਾਈਚਾਰਿਆਂ ਦੇ ਧਾਰਮਿਕ ਤਿਉਹਾਰ ਰਾਜ ਪੱਧਰ ‘ਤੇ ਪੂਰੇ ਸਨਮਾਨ ਨਾਲ ਮਨਾਏ ਜਾਂਦੇ ਹਨ, ਇਸ ਲਈ ਪੰਜਾਬ ਦੀ 40 ਪ੍ਰਤੀਸ਼ਤ ਤੋਂ ਵੱਧ ਆਬਾਦੀ ਵਾਲੇ ਹਿੰਦੂ ਸਮਾਜ ਦੀ ਆਸਥਾ ਨੂੰ ਵੀ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ ਹੈ। ਇਸ ਲਈ ਸ਼ਿਵ ਸੈਨਾ ਪੰਜਾਬ ਮੰਗ ਕਰਦੀ ਹੈ ਕਿ ਹਿੰਦੂ ਸਮਾਜ ਦੇ ਪੂਜਨੀਕ ਭਗਵਾਨ ਭੋਲੇਨਾਥ ਦਾ ਪਾਵਨ ਤਿਉਹਾਰ ਮਹਾਸ਼ਿਵਰਾਤਰੀ 15 ਫਰਵਰੀ ਨੂੰ ਸਰਕਾਰੀ ਮਾਣ ਨਾਲ ਮਨਾਇਆ ਜਾਵੇ। ਮੰਗ ਪੱਤਰ ਵਿਚ ਇਹ ਵੀ ਮੰਗ ਰੱਖੀ ਗਈ ਹੈ ਕਿ ਸੰਤ ਸਮਾਜ ਦੀ ਅਗਵਾਈ ਹੇਠ ਮਹਾਸ਼ਿਵਰਾਤਰੀ ਨੂੰ ਰਾਜ ਪੱਧਰ ‘ਤੇ ਸ਼ਰਧਾ ਅਤੇ ਭਗਤੀ ਨਾਲ ਮਨਾਇਆ ਜਾਵੇ ਤਾਂ ਜੋ ਇਸ ਤਿਉਹਾਰ ਦੇ ਅਧਿਆਤਮਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਵੱਡੇ ਪੱਧਰ ‘ਤੇ ਸਥਾਪਿਤ ਕੀਤਾ ਜਾ ਸਕੇ।
ਇਸ ਤੋਂ ਇਲਾਵਾ, ਪ੍ਰਦੇਸ਼ ਭਰ ਵਿਚ ਨਿਕਲਣ ਵਾਲੀਆਂ ਸ਼ੋਭਾ ਯਾਤਰਾਵਾਂ ਦਾ ਹਰ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰਾਂ, ਤਹਿਸੀਲ ਪੱਧਰ ‘ਤੇ ਏਡੀਸੀ/ਐੱਸਡੀਐੱਮ ਅਤੇ ਕਸਬਿਆਂ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਸਰਕਾਰੀ ਸਨਮਾਨ ਨਾਲ ਸਵਾਗਤ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸ਼ਿਵ ਸੈਨਾ ਨੇ ਮਹਾਸ਼ਿਵਰਾਤਰੀ ਮੌਕੇ ਪੰਜਾਬ ਦੇ ਪ੍ਰਾਚੀਨ ਅਤੇ ਇਤਿਹਾਸਕ ਸ਼ਿਵ ਮੰਦਰਾਂ ਦੀ ਮੁਰੰਮਤ ਅਤੇ ਸੰਭਾਲ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇ ਐਲਾਨ ਦੀ ਮੰਗ ਵੀ ਕੀਤੀ ਹੈ ਤਾਂ ਜੋ ਧਾਰਮਿਕ ਵਿਰਾਸਤ ਦੀ ਰੱਖਿਆ ਹੋ ਸਕੇ ਅਤੇ ਸ਼ਰਧਾਲੂਆਂ ਨੂੰ ਵਧੀਆ ਸਹੂਲਤਾਂ ਮਿਲ ਸਕਣ।
ਇਸ ਮੌਕੇ ਇੰਦਰਜੀਤ ਕਰਵਲ ਅਤੇ ਰਾਜੇਸ਼ ਪਲਟਾ ਨੇ ਕਿਹਾ ਕਿ ਸਾਲ 2022 ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਮਿਲੀ ਭਾਰੀ ਜਿੱਤ ਹਿੰਦੂ ਸਮਾਜ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਿੰਦੂ ਸਮਾਜ ਦੀ ਆਸਥਾ ਅਤੇ ਧਾਰਮਿਕ ਭਾਵਨਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਇਸ ਮੌਕੇ ਰਾਮ ਕੁਮਾਰ ਪ੍ਰਧਾਨ ਮੋਗਾ, ਭਵਿਆ ਭਾਰਦਵਾਜ (ਬਜਰੰਗ ਦਲ ਹਿੰਦ, ਸੰਗਰੂਰ), ਸਚਿਨ ਘਨੌਲੀ, ਭਾਨੂ ਪ੍ਰਤਾਪ, ਪਵਨ ਮਾਨ (ਲੁਧਿਆਣਾ), ਰਾਕੇਸ਼ ਕਪੂਰ (ਲੁਧਿਆਣਾ), ਗੋਪਾਲ ਚੋਪੜਾ ਬੱਬੂ, ਨਵਜੋਤ ਬੇਦੀ, ਅਮਨ ਕਾਲਾ, ਅਮਨ ਬਸਰਾ, ਟੋਨੀ, ਲਵੇਸ਼ ਸ਼ਰਮਾ, ਰਮਨ ਸੁਮਨ, ਮਨੋਜ ਟੰਡਨ, ਲਵਨੀਸ਼ ਸ਼ਰਮਾ, ਹਰਜਿੰਦਰ ਬਿੱਲਾ, ਅਮਿਤ ਪੁਰੀ, ਲਛਮਣ ਸੁਮਨ ਸਮੇਤ ਹੋਰ ਸ਼ਿਵ ਸੈਨਾ ਕਾਰਕੁੰਨ ਹਾਜ਼ਰ ਸਨ।