ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਮਹਾ-ਪੰਚਾਇਤ ਕੱਲ੍ਹ
ਨਡਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਮਹਾਂ-ਪੰਚਾਇਤ ਕੱਲ 20 ਨੂੰ
Publish Date: Wed, 18 Mar 2026 07:32 PM (IST)
Updated Date: Thu, 19 Mar 2026 04:10 AM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ, ਨਡਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਬਲਾਕ ਪ੍ਰਧਾਨ ਨਡਾਲਾ ਜੋਗਾ ਸਿੰਘ ਇਬਰਾਹੀਮਵਾਲ ਤੇ ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਕਿਸਾਨ ਮਹਾਂ-ਪੰਚਾਇਤ ਕਰਵਾਉਣ ਸਬੰਧੀ ਹੋਈ। ਉਹਨਾਂ ਦੱਸਿਆ ਕਿ ਇਹ ਮਹਾਂ ਪੰਚਾਇਤ 20 ਮਾਰਚ ਦਿਨ ਸ਼ੁੱਕਰਵਾਰ ਨਡਾਲਾ-ਬੇਗੋਵਾਲ ਰੋਡ ਸਥਿਤ ਰਿਜੋਰਟ ਵਾਈਟ ਡਾਇਮੰਡ ਵਿਖੇ ਸਵੇਰੇ 10 ਵਜੇ ਹੋਵੇਗੀ ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਹਰ ਜ਼ਿਲ੍ਹੇ ਵਿੱਚ ਕਿਸਾਨ ਮਹਾਂ ਪੰਚਾਇਤਾਂ ਕਰਵਾ ਕੇ, ਕਿਸਾਨੀ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਕਿਸਾਨਾਂ ਨੂੰ ਲਾਮਬੰਦ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਸੂਬੇ ਦੇ ਹੋਰ ਵੱਡੇ ਕਿਸਾਨ ਨੇਤਾ ਪਹੁੰਚ ਕੇ ਸੰਬੋਧਨ ਕਰਨਗੇ ਅਤੇ ਉੱਥੇ ਆਏ ਹੋਏ ਕਿਸਾਨ ਵੀਰਾਂ ਅਤੇ ਬੀਬੀਆਂ ਲਈ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ। ਇਸ ਦੋਰਾਨ ਕਿਸਾਨੀ ਨੂੰ ਮਾਰ ਪਾ ਰਹੇ ਮੁੱਦੇ ਜਿਵੇਂ ਮੋਦੀ ਟਰੰਪ ਸਮਝੌਤਾ, ਜੋ ਕਿ ਕਿਸਾਨ ਵਪਾਰੀ ਦੇ ਵਿਰੋਧ ਵਿੱਚ ਹੈ ਦੂਜਾ ਬਿਜਲੀ ਬਿੱਲ 2025 ਚਿੱਪ ਵਾਲੇ ਮੀਟਰਾਂ ਦਾ ਵਿਰੋਧ, ਨਕਲੀ ਦੁੱਧ ਦੀ ਵਿਕਰੀ ਬੰਦ ਕਰਾਉਣ ਲਈ, ਕੋਆਪਰੇਟਿਵ ਸੋਸਾਇਟੀਆਂ ਦੇ ਕਰਜੇ ਮੁਆਫੀ, ਆਲੂ-ਸਬਜ਼ੀਆਂ ਐਕਸਪੋਰਟ ਅਤੇ ਸੀਡ ਬਿਲ ਵਿਰੋਧ, ਮਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਕਿਸਾਨ, ਮਜ਼ਦੂਰ, ਵਪਾਰੀ ਅਤੇ ਹੋਰ ਸੰਘਰਸ਼ਸ਼ੀਲ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ 20 ਮਾਰਚ ਨੂੰ ਉਕਤ ਜਗ੍ਹਾ ਪੁੱਜ ਕੇ ਮਹਾਂ-ਪੰਚਾਇਤ ਦਾ ਹਿੱਸਾ ਬਣਨ।