ਡੇਰਾ ਬਾਬਾ ਸਿੱਧ ਵਜ਼ੀਰ ਪਿੰਡ ਔਜਲਾ ਵਿਖੇ ਮਾਘੀ ਦਾ ਦਿਹਾੜਾ ਮਨਾਇਆ
ਡੇਰਾ ਬਾਬਾ ਸਿੱਧ ਵਜ਼ੀਰ ਪਿੰਡ ਔਜਲਾ ਵਿਖੇ ਮਾਘੀ ਦਾ ਦਿਹਾੜਾ ਮਨਾਇਆ
Publish Date: Thu, 15 Jan 2026 07:55 PM (IST)
Updated Date: Thu, 15 Jan 2026 07:57 PM (IST)
--ਔਜਲਾ ਮਾਘੀ ਮੇਲਾ ਵਿਖੇ ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਨੇ ਜਿੱਤੀ
--ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਗੁਰਵਿੰਦਰ ਸਿੰਘ ਕੋਚ ਜੈਲਦਾਰ ਦਾ 50 ਹਜ਼ਾਰ ਨਾਲ ਸਨਮਾਨ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਮਾਘੀ ਦਾ ਪਾਵਨ ਤਿਉਹਾਰ ਇਥੋਂ ਥੋੜੀ ਦੂਰ ਪਿੰਡ ਔਜਲਾ ਦੇ ਨਜ਼ਦੀਕ ਧਾਰਮਿਕ ਅਸਥਾਨ ਡੇਰਾ ਬਾਬਾ ਸਿੱਧ ਵਜੀਰ ਵਿਖੇ ਸਮੂਹ ਸਾਧ ਸੰਗਤ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ l ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਏ ਗਏ l ਡੇਰਾ ਬਾਬਾ ਸਿੱਧ ਵਜੀਰ ਦੇ ਮੁੱਖ ਗ੍ਰੰਥੀ ਭਾਈ ਗੁਰਜੀਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਰਾਹੀਂ ਮਾਘੀ ਮੇਲੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਤੇ ਸ਼ਬਦ ਕੀਰਤਨ ਰਾਹੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਭਾਈ ਗੁਰਪ੍ਰਤਾਪ ਸਿੰਘ ਪਦਮ ਦੇ ਢਾਡੀ ਜਥੇ ਨੇ ਆਪਣੀਆਂ ਵਾਰਾਂ ਰਾਹੀਂ ਸਰਬੰਸਦਾਨੀ ਦਸ਼ਮ ਪਿਤਾ ਮਾਤਾ ਗੁਜਰੀ ਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਸ਼ਾਮ ਨੂੰ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਛੇ ਦਰਜਨ ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ। ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਧਰਮਿੰਦਰ ਕੋਹਾਲੀ ਤੇ ਪਹਿਲਵਾਨ ਪ੍ਰਿਤਪਾਲ ਫਗਵਾੜਾ ਦਰਮਿਆਨ ਹੋਇਆ, ਲੰਬਾ ਸਮਾ ਚੱਲੀ ਇਸ ਕੁਸ਼ਤੀ ਦਾ ਫੈਸਲਾ ਪੁਆਇੰਟ ਦੇ ਅਧਾਰ ’ਤੇ ਹੋਇਆ, ਜਿਸ ਵਿਚ ਪ੍ਰਿਤਪਾਲ ਫਗਵਾੜਾ ਜੇਤੂ ਰਿਹਾ। ਕੁਸ਼ਤੀਆਂ ਵਿਚ ਭਾਗ ਲੈਣ ਵਾਲੇ ਸਾਰੇ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਔਜਲਾ ਨਿਵਾਸੀ ਗੁਰਵਿੰਦਰ ਸਿੰਘ ਔਜਲਾ ਕੋਚ ਜ਼ੈਲਦਾਰ (ਕੈਰੋਂ ਦਾ ਭਤੀਜਾ) ਜੋ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਐਥਲੇਟਿਕਸ ਵਾਲੇ ਪਾਸੇ ਪ੍ਰੇਰਿਤ ਕਰਨ ਲਈ ਜ਼ੈਲਦਾਰ ਅਖਾੜਾ ਚਲਾ ਰਿਹਾ ਹੈ ਤੇ ਨੌਜਵਾਨਾਂ ਨੂੰ ਚੰਗੀ ਸਿਖਲਾਈ ਦੇ ਰਿਹਾ ਹੈ, ਜਿਸ ਦੀ ਇਲਾਕਾ ਨਿਵਾਸੀਆ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਸਬੰਧੀ ਐੱਨਆਰਆਈ ਦੀਦਾਰ ਸਿੰਘ ਵੱਲੋ ਕੋਚ ਜ਼ੈਲਦਾਰ ਨੂੰ 50 ਹਜ਼ਾਰ ਦੇ ਨਕਦ ਇਨਾਮ ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਔਜਲਾ ਵੱਲੋਂ ਦਾਨੀ ਸੱਜਣਾਂ, ਐੱਨਆਰਆਈ ਵੀਰਾਂ, ਸਮੂਹ ਸਾਧ ਸੰਗਤ, ਪਹਿਲਵਾਨਾਂ ਤੇ ਪਤਵੰਤੇ ਸੱਜਣਾਂ ਦਾ ਮੇਲੇ ਵਿਚ ਸਹਿਯੋਗ ਲਈ ਧੰਨਵਾਦ ਕੀਤਾ ਗਿਆ l