ਸੜਕ ਹਾਦਸੇ ’ਚ ਮਾ. ਇੰਦਰਜੀਤ ਖਹਿਰਾ ਦਾ ਦੇਹਾਂਤ
ਨਕੋਦਰ- ਕਪੂਰਥਲਾ ਰੋਡ ਤੇ ਪਿੰਡ ਧੰਦਲਾ ਨੇੜੇ ਵਾਪਰੇ ਸੜਕ ਹਾਦਸੇ ’ਚ ਮਾ. ਇੰਦਰਜੀਤ ਖਹਿਰਾ ਦਾ ਦੇਹਾਂਤ
Publish Date: Tue, 07 Apr 2026 08:20 PM (IST)
Updated Date: Tue, 07 Apr 2026 08:23 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਨਕੋਦਰ-ਕਪੂਰਥਲਾ ਰੋਡ ’ਤੇ ਪਿੰਡ ਧੰਦਲ ਚੌਂਕ ਨੇੜੇ ਸੜਕ ਹਾਦਸੇ ’ਚ ਅਧਿਆਪਕ ਜਥੇਬੰਦੀ ਦੇ ਨੌਜਵਾਨ ਆਗੂ ਮਾਸਟਰ ਇੰਦਰਜੀਤ ਸਿੰਘ ਖਹਿਰਾ ਦੇ ਦੇਹਾਂਤ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਕਾਰਨ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ। ਇਕੱਤਰ ਜਾਣਕਾਰੀ ਮੁਤਾਬਿਕ ਮਾਸਟਰ ਇੰਦਰਜੀਤ ਸਿੰਘ ਖਹਿਰਾ ਬਲੇਰਖਾਨਪੁਰ ਤੋਂ ਆਪਣੇ ਪਿੰਡ ਖਹਿਰਾ ਮਾਝਾ ਨੂੰ ਐਕਟਿਵਾ ’ਤੇ ਜਾ ਰਹੇ ਸਨ ਕਿ ਪਿੰਡ ਧੰਦਲ ਚੌਂਕ ਚ 2 ਮੋਟਰਸਾਈਕਲ ਸਵਾਰਾਂ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਸਟਰ ਖਹਿਰਾ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਾਲਕ ਵੀ ਬੁਰੀ ਤਰਾਂ ਜ਼ਖ਼ਮੀ ਹੋ ਗਏ। ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਤੇ ਇਲਾਕਾ ਨਿਵਾਸੀਆਂ ਨੇ ਮਾਸਟਰ ਇੰਦਰਜੀਤ ਸਿੰਘ ਖਹਿਰਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਮਾਸਟਰ ਇੰਦਰਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਪਰਤਣ ਉਪਰੰਤ ਕੀਤਾ ਜਾਵੇਗਾ।