ਡਾ. ਰਾਜ ਕੁਮਾਰ ਨੇ ਦਾਣਾ ਮੰਡੀ ’ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਨੇ ਦਾਣਾ ਮੰਡੀ ਫਗਵਾੜਾ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Fri, 10 Apr 2026 08:19 PM (IST)
Updated Date: Fri, 10 Apr 2026 08:23 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦਾਣਾ ਮੰਡੀ ਫਗਵਾੜਾ ਦਾ ਦੌਰਾ ਕਰ ਕੇ ਕਣਕ ਸਬੰਧੀ ਕੀਤੇ ਜਾ ਰਹੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ, ਮੇਅਰ ਰਾਮਪਾਲ ਉੱਪਲ ਤੇ ‘ਆਪ’ ਆਗੂ ਹਰਨੂਰ ਸਿੰਘ ਹਰਜੀਮਾਨ ਵੀ ਮੌਜੂਦ ਸਨ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦੀ ਖ਼ਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਇਸ ਦੇ ਲਈ ਪਹਿਲਾਂ ਤੋਂ ਹੀ ਸਾਰੇ ਪ੍ਰਬੰਧ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦੀਆਂ ਜਾਵੇਗਾ ਅਤੇ ਸਮੇਂ ਸਿਰ ਅਦਾਇਗੀ ਵੀ ਕੀਤੀ ਜਾਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਦਾਣਾ ਮੰਡੀ ਫਗਵਾੜਾ ਵਿਖੇ 1 ਲੱਖ ਮੀਟ੍ਰਿਕ ਟਨ ਦੇ ਕਰੀਬ ਕਣਕ ਆਉਂਦੀ ਦੀ ਉਮੀਦ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀ ਵਿੱਚ ਖ਼ਰੀਦ ਪ੍ਰਕਿਰਿਆ ਅਤੇ ਢੋਆ-ਢੁਆਈ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਆਵੇ ਅਤੇ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਬਾਰੀਕੀ ਨਾਲ ਹੇਠਲੇ ਪੱਧਰ ਤੇ ਮੰਡੀ ਵਿੱਚ ਸਾਰੇ ਪ੍ਰਬੰਧ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿਚ ਲੁੜੀਂਦੀਆਂ ਮਾਤਰਾ ਵਿੱਚ ਬਾਰਦਾਨਾ ਵੀ ਉਪਲਬਧ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫਸਲ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਨਾ ਆਵੇ।