ਸਾਬਕਾ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਮਨਾਈ ਲੋਹੜੀ
ਸਾਬਕਾ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਤਲਾਬ ਅਰੋੜਿਆਂ ‘ਚ ਜੋਸ਼ੋ-ਖਰੋਸ਼ ਨਾਲ ਮਨਾਈ ਲੋਹੜੀ
Publish Date: Sun, 11 Jan 2026 07:41 PM (IST)
Updated Date: Sun, 11 Jan 2026 07:42 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੀ ਪ੍ਰਾਚੀਨ ਸੱਭਿਆਚਾਰਕ ਵਿਰਾਸਤ ਦਾ ਅਨਖਿੜਵਾਂ ਅੰਗ, ਲੋਹੜੀ ਦਾ ਤਿਉਹਾਰ ਫਗਵਾੜਾ ਦੇ ਤਲਾਬ ਅਰੋੜਿਆਂ ਮੇਹਲੀ ਗੇਟ ਵਿਖੇ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਦੀ ਅਗਵਾਈ ਹੇਠ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਭਾਰਤ ਗੌਰਵ, ਸਾਂਪਲਾ ਫਾਊਂਡੇਸ਼ਨ ਤੇ ਨਵਿਆ ਹੈਲਪਿੰਗ ਹੈਂਡ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੌਰਾਨ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਨਵ-ਜੰਮੀਆਂ ਕੁੜੀਆਂ ਨੂੰ ਗਰਮ ਕੱਪੜੇ, ਖਿਡੌਣੇ ਅਤੇ ਸ਼ਗਨ ਵਜੋਂ ਮੂੰਗਫਲੀ ਵੰਡੀ। ਸਮਾਗਮ ਦੀ ਸ਼ੁਰੂਆਤ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਮੁਖ ਸੰਚਾਲਕ ਨਿਰਮਲ ਕੁਟੀਆ (ਛੰਭਵਾਲੀ) ਪੰਡਵਾ ਵੱਲੋਂ ਲੋਹੜੀ ਦੀ ਅੱਗ ਬਾਲਣ ਨਾਲ ਹੋਈ। ਇਸ ਤੋਂ ਬਾਅਦ ਸਾਰਾ ਇਲਾਕਾ ਰਵਾਇਤੀ ਪੰਜਾਬੀ ਸੰਗੀਤ ਅਤੇ ਲੋਕ ਨਾਚ ਦੀਆਂ ਆਵਾਜ਼ਾਂ ਨਾਲ ਗੂੰਝ ਉੱਠਿਆ। ਕੂਪਨਾਂ ਰਾਹੀਂ ਬੱਚਿਆਂ ਅਤੇ ਔਰਤਾਂ ਨੂੰ ਤੋਹਫ਼ੇ ਵੀ ਵੰਡੇ ਗਏ। ਹਾਜ਼ਰੀਨ ਲਈ ਖਾਣ-ਪੀਣ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਲੋਹੜੀ ਸਮਾਗਮ ਦੌਰਾਨ ਵਿਜੇ ਸਾਂਪਲਾ ਅਤੇ ਆਸ਼ੂ ਸਾਂਪਲਾ ਨੇ ਸਾਰੇ ਪਤਵੰਤਿਆਂ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ। ਮਸਤੀ ‘ਚ ਝੂਮਦੇ ਲੋਕਾਂ ਨੇ ਲੋਹੜੀ ਦੀ ਅੱਗ ਦੁਆਲੇ ਨੱਚਦੇ-ਟੱਪਦੇ ਲੋਹੜੀ ਦੇ ਗੀਤ ਗਾਏ। ਸਾਬਕਾ ਮੰਤਰੀ ਵਿਜੇ ਸਾਂਪਲਾ ਅਤੇ ਆਸ਼ੂ ਸਾਂਪਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ, ਮੁੰਡਿਆਂ ਤੇ ਕੁੜੀਆਂ ਵਿਚ ਕੋਈ ਭੇਦ ਨਹੀਂ ਹੋਣਾ ਚਾਹੀਦਾ। ਲੋਹੜੀ ਇਕ ਅਜਿਹਾ ਤਿਉਹਾਰ ਹੈ ਜੋ ਪੰਜਾਬ ਦੇ ਸੱਭਿਆਚਾਰ ਦਾ ਪ੍ਰਤੀਕ ਹੈ ਤੇ ਇਸਨੂੰ ਰਲ-ਮਿਲ ਕੇ ਮਨਾਇਆ ਜਾਣਾ ਚਾਹੀਦਾ ਹੈ। ਸਾਂਪਲਾ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਰਦੀਆਂ ਦੇ ਅੰਤ ਤੇ ਵਾਢੀ ਦੇ ਮੌਸਮ ਦਾ ਸੰਦੇਸ਼ ਵੀ ਦਿੰਦਾ ਹੈ। ਇਸਨੂੰ ਏਕਤਾ ਦੇ ਪ੍ਰਤੀਕ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ। ਧੀਆਂ ਪਰਿਵਾਰ ਦਾ ਮਾਣ ਹੁੰਦੀਆਂ ਹਨ। ਮਾਪਿਆਂ ਨੂੰ ਧੀਆਂ ਦੇ ਜਨਮ ਦਾ ਜਸ਼ਨ ਮਨਾਉਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਅਸਲ ਦੌਲਤ ਅੱਜ ਦੇ ਸਮੇਂ ਵਿਚ ਧੀਆਂ ਹੀ ਹਨ। ਲੋਹੜੀ ਨਾਲ ਜੁੜੀ ਦੁੱਲਾ ਭੱਟੀ ਦੀ ਕਹਾਣੀ ਵੀ ਧੀਆਂ ਦੀ ਸੁਰੱਖਿਆ ਲਈ ਪ੍ਰੇਰਿਤ ਕਰਦੀ ਹੈ। ਇਸ ਦੌਰਾਨ ਗਾਇਕਾਂ ਨੇ ਆਪਣੀ ਗਾਇਕੀ ਨਾਲ ਹਾਜ਼ਰੀਨ ਦਾ ਖੂਬ ਮਨੋਰੰਜਨ ਕੀਤਾ। ਪ੍ਰੋਗਰਾਮ ਵਿਚ ਸਮਾਜ ਸੇਵੀ ਪਿੰਦੂ ਜੌਹਲ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇਜਸਵੀ ਭਾਰਦਵਾਜ, ਕੌਂਸਲਰ ਅਨੁਰਾਗ ਮਨਖੰਡ, ਫਗਵਾੜਾ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਰਮੇਸ਼ ਸਚਦੇਵਾ, ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਭਦਰਸੇਨ ਦੁੱਗਲ, ਸ਼ਿਵ ਹਾਂਡਾ, ਸਤੀਸ਼ ਬੱਗਾ, ਗੁਰਦੀਪ ਸਿੰਘ ਕੰਗ, ਬਲਵਿੰਦਰ ਠਾਕੁਰ, ਲੋਕਜੀਤ ਬੱਗਾ, ਸ਼ੁਭਪਾਲ ਬੱਗਾ, ਐਡਵੋਕੇਟ ਬਲਦੇਵ ਰਾਜ ਸ਼ਰਮਾ, ਰਵਿੰਦਰ ਸ਼ਰਮਾ, ਸੁਦੇਸ਼ ਸਾਂਪਲਾ, ਨੈਨਸੀ ਸਾਂਪਲਾ, ਭਾਰਤੀ ਸ਼ਰਮਾ, ਸਾਬਕਾ ਕੌਂਸਲਰ ਨੀਤੂ ਦੁੱਗਲ, ਅਸ਼ੋਕ ਦੁੱਗਲ, ਸਾਬਕਾ ਕੌਂਸਲਰ ਚੰਦਾ ਮਿਸ਼ਰਾ, ਪ੍ਰਮੋਦ ਮਿਸ਼ਰਾ, ਸ਼ਿਵ ਸੈਨਾ ਪੰਜਾਬ ਦੇ ਇੰਦਰਜੀਤ ਕਰਵਲ, ਵਿਪਨ ਸ਼ਰਮਾ, ਅੰਕੁਰ ਬੇਦੀ, ਸ਼ਿਵ ਮੰਦਰ ਪੱਕਾ ਬਾਗ ਦੇ ਸੇਵਾਦਾਰ ਇੰਦਰਜੀਤ ਕਾਲੜਾ, ਵਿਪਨ ਅਰੋੜਾ, ਰਮਨ ਨਹਿਰਾ, ਰਵੀ ਮੰਗਲ, ਰਿੰਪੀ ਕਿੰਨੜਾ, ਮਿਤੁਲ ਸੁਧੀਰ, ਰਜਨੀ ਬਾਲਾ, ਰਾਜੂ ਬਜਾਜ, ਸੀਮਾ ਚੱਢਾ ਤੋਂ ਇਲਾਵਾ ਫਗਵਾੜਾ ਸ਼ਹਿਰ ਅਤੇ ਪੇਂਡੂ ਖੇਤਰ ਦੇ ਪਤਵੰਤਿਆਂ ਨੇ ਬੱਚੀਆਂ ਨੂੰ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ।