ਲਾਇਨ ਕੰਗ ਨੇ ਲੋੜਵੰਦ ਮਰੀਜ਼ ਨੂੰ ਦਿੱਤਾ ਆਕਸੀਜਨ ਆਕਸੀਮੀਟਰ
ਲਾਈਨ ਗੁਰਦੀਪ ਸਿੰਘ ਕੰਗ ਨੇ ਲੋੜਵੰਦ ਮਰੀਜ ਨੂੰ ਵਰਤੋਂ ਲਈ ਦਿੱਤਾ ਆਕਸੀਜਨ ਆਕਸੀਮੀਟਰ
Publish Date: Fri, 17 Apr 2026 06:52 PM (IST)
Updated Date: Fri, 17 Apr 2026 06:54 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਨੇ ਇੱਕ ਲੋੜਵੰਦ ਸਾਹ ਦੇ ਮਰੀਜ਼ ਨੂੰ ਵਰਤੋਂ ਲਈ ਆਕਸੀਜਨ ਆਕਸੀਮੀਟਰ ਭੇਟ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਆਕਸੀਮੀਟਰ ਕੋਰੋਨਾ ਮਹਾਮਾਰੀ ਦੌਰਾਨ 321-ਡੀ ਦੇ ਤਤਕਾਲੀ ਡਿਸਟ੍ਰਿਕਟ ਗਵਰਨਰ, ਲਾਇਨ ਜੀਐੱਸ ਸੇਠੀ ਨੇ ਉਨ੍ਹਾਂ ਨੂੰ ਉਪਲੱਬਧ ਕਰਵਾਇਆ ਸੀ ਤਾਂ ਜੋ ਫਗਵਾੜਾ ਵਿੱਚ ਲੋੜਵੰਦਾਂ ਨੂੰ ਇਹ ਯੰਤਰ ਲੋੜ ਸਮੇਂ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਉਸ ਸਮੇਂ ਇਹ ਆਕਸੀਜਨ ਆਕਸੀਮੀਟਰ ਸਾਹ ਲੈਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਕੋਰੋਨਾ ਮਰੀਜ਼ਾਂ ਲਈ ਬਹੁਤ ਮਦਦਗਾਰ ਸਾਬਤ ਹੋਇਆ, ਕਿਉਂਕਿ ਹਸਪਤਾਲ ਵਿੱਚ ਇਸ ਸਹੂਲਤ ਤੱਕ ਪਹੁੰਚ ਕਰਨ ਲਈ ਅਕਸਰ ਬਹੁਤ ਖਰਚਾ ਅਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੇ ਵਾਇਰਸ ਗ੍ਰਸਤ ਹੋਣ ਦਾ ਖ਼ਤਰਾ ਸੀ। ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਇਹ ਯੰਤਰ ਬਿਨਾਂ ਕਿਸੇ ਫੀਸ ਤੋਂ ਬਿਲਕੁਲ ਮੁਫ਼ਤ ਦਿੱਤਾ ਜਾਂਦਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਸਾਹ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਇਸ ਯੰਤਰ ਦੇ ਨਾਲ ਕਾਫੀ ਰਾਹਤ ਮਿਲ ਰਹੀ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂ ਕਿਸੇ ਜਾਣ-ਪਛਾਣ ਵਾਲੇ ਨੂੰ ਇਸ ਆਕਸੀਜਨ ਆਕਸੀਮੀਟਰ ਦੀ ਲੋੜ ਹੋਵੇ ਤਾਂ ਉਨ੍ਹਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰ ਸਕਦੇ ਹਨ। ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਇੱਕ ਮੋਹਰੀ ਸਮਾਜ ਸੇਵੀ ਸੰਸਥਾ ਹੈ, ਜਿਸ ਦਾ ਹਰੇਕ ਮੈਂਬਰ ਸਮਾਜ ਸੇਵਾ ਲਈ ਤਨਦੇਹੀ ਨਾਲ ਸਰਗਰਮ ਰਹਿੰਦਾ ਹੈ। ਇਸ ਮੌਕੇ ਕਲੱਬ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਸਤਵਿੰਦਰ ਸਿੰਘ ਭਮਰਾ, ਵਿੱਕੀ ਟੰਡਨ ਅਤੇ ਦੇਸਰਾਜ ਖੋਥੜਾਂ ਆਦਿ ਹਾਜ਼ਰ ਸਨ।