ਸਮਾਜਿਕ ਕੁਰੀਤੀਆਂ ਵਾਂਗ ਨਸ਼ਾ ਵੀ ਪੰਜਾਬ ਦੇ ਨੌਜਵਾਨਾਂ ਲਈ ਬਹੁਤ ਘਾਤਕ,ਖਾਲਸਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸਮਾਜਿਕ ਕੁਰੀਤੀਆਂ ਵਾਂਗ ਨਸ਼ਾ ਵੀ ਪੰਜਾਬ ਦੇ ਨੌਜਵਾਨਾਂ ਲਈ ਬਹੁਤ ਘਾਤਕ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਸ਼ੂਰਵੀਰਾਂ, ਮਿਹਨਤੀ ਕਿਸਾਨਾਂ ਤੇ ਹੁਨਰਮੰਦ ਨੌਜਵਾਨਾਂ ਲਈ ਜਾਣੀ ਜਾਂਦੀ ਹੈ ਪਰ ਅੱਜ ਇਸ ਧਰਤੀ ਨੂੰ ਸਭ ਤੋਂ ਵੱਡੀ ਚੁਣੌਤੀ ਨਸ਼ੇ ਨੇ ਘੇਰ ਲਿਆ ਹੈ। ਜਿਵੇਂ ਦਾਜ ਪ੍ਰਥਾ, ਮਾਦਾ ਭਰੂਣ ਹੱਤਿਆ ਤੇ ਅਨਪੜ੍ਹਤਾ ਵਰਗੀਆਂ ਸਮਾਜਿਕ ਕੁਰੀਤੀਆਂ ਸਮਾਜ ਨੂੰ ਅੰਦਰੋਂ ਖੋਖਲਾ ਕਰਦੀਆਂ ਹਨ, ਉਸੇ ਤਰ੍ਹਾਂ ਨਸ਼ਾ ਵੀ ਸਾਡੇ ਨੌਜਵਾਨਾਂ ਦੇ ਸਰੀਰ, ਮਨ ਤੇ ਭਵਿੱਖ ਨੂੰ ਬਰਬਾਦ ਕਰ ਰਿਹਾ ਹੈ। ਨੌਜਵਾਨ ਕਿਸੇ ਵੀ ਦੇਸ਼ ਦੀ ਤਾਕਤ ਹੁੰਦੇ ਹਨ। ਜੇ ਨੌਜਵਾਨੀ ਸਿਹਤਮੰਦ, ਸਿੱਖਿਆ ਯਾਫਤਾ ਤੇ ਨੈਤਿਕ ਮੁੱਲਾਂ ਨਾਲ ਭਰਪੂਰ ਹੋਵੇ, ਤਾਂ ਦੇਸ਼ ਤਰੱਕੀ ਕਰਦਾ ਹੈ ਪਰ ਜਦੋਂ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆ ਜਾਂਦੇ ਹਨ, ਤਾਂ ਉਹ ਆਪਣੀ ਪੜ੍ਹਾਈ, ਕਰੀਅਰ ਤੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਦੂਰ ਹੋ ਜਾਂਦੇ ਹਨ। ਨਸ਼ਾ ਸਿਰਫ਼ ਇਕ ਵਿਅਕਤੀ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਦੁੱਖ ਤੇ ਤਕਲੀਫ਼ ਵਿਚ ਧੱਕ ਦਿੰਦਾ ਹੈ। ਘਰਾਂ ਵਿਚ ਕਲੇਸ਼, ਆਰਥਿਕ ਤੰਗੀ ਤੇ ਸਮਾਜਿਕ ਬਦਨਾਮੀ ਵਧਦੀ ਹੈ। ਨਸ਼ਿਆਂ ਦੇ ਫੈਲਾਅ ਦੇ ਕਈ ਕਾਰਨ ਹਨ ਜਿਵੇਂ ਬੇਰੁਜ਼ਗਾਰੀ, ਮਾੜੀ ਸੰਗਤ, ਤਣਾਅ ਤੇ ਆਸਾਨੀ ਨਾਲ ਨਸ਼ੀਲੇ ਪਦਾਰਥਾਂ ਦੀ ਉਪਲਬਧਤਾ। ਕਈ ਵਾਰ ਨੌਜਵਾਨ ਸ਼ੌਂਕ ਜਾਂ ਦਿਖਾਵੇ ਵਿਚ ਇਹ ਰਸਤਾ ਅਪਣਾਉਂਦੇ ਹਨ, ਪਰ ਬਾਅਦ ਵਿਚ ਇਹ ਆਦਤ ਲਤ ਬਣ ਜਾਂਦੀ ਹੈ, ਜਿਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਚਰਨਜੀਤ ਸਿੰਘ ਖਾਲਸਾ ਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਸਰਕਾਰ ਨਹੀਂ ਕਰ ਸਕਦੀ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ। ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਦੋਸਤਾਨਾ ਰਵੱਈਆ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਹਰ ਗਤੀਵਿਧੀ ‘ਤੇ ਧਿਆਨ ਦੇਣਾ ਚਾਹੀਦਾ ਹੈ। ਸਕੂਲਾਂ ਤੇ ਕਾਲਜਾਂ ਵਿਚ ਨਸ਼ਾ ਵਿਰੋਧੀ ਸੈਮੀਨਾਰ ਤੇ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਅੱਗੇ ਆ ਕੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣੀ ਚਾਹੀਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨਸ਼ੇ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਨੂੰ ਹੰਭਲਿਆਂ ਤੇ ਹੌਸਲੇ ਦੀ ਲੋੜ ਹੈ। ਉਨ੍ਹਾਂ ਨੂੰ ਸਹੀ ਇਲਾਜ, ਕੌਂਸਲਿੰਗ ਤੇ ਰੋਜ਼ਗਾਰ ਦੇ ਮੌਕੇ ਦਿੱਤੇ ਜਾਣ ਤਾਂ ਜੋ ਉਹ ਮੁੜ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਹੋ ਸਕਣ। ਅਖੀਰ ਵਿਚ ਸਾਨੂੰ ਸਾਰਿਆਂ ਨੂੰ ਇਹ ਸੰਕਲਪ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਯੋਗਦਾਨ ਪਾਵਾਂਗੇ। ਜੇਕਰ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝੇ, ਤਾਂ ਪੰਜਾਬ ਮੁੜ ਤੰਦਰੁਸਤ, ਖੁਸ਼ਹਾਲ ਤੇ ਤਰੱਕੀਸ਼ੀਲ ਬਣ ਸਕਦਾ ਹੈ। ਨੌਜਵਾਨੀ ਬਚੇਗੀ ਤਾਂ ਪੰਜਾਬ ਬਚੇਗਾ।