ਮੰਡੀਆਂ ’ਚ ਲਿਫਟਿੰਗ ਸੁਸਤ, ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ
ਸੁਲਤਾਨਪੁਰ ਲੋਧੀ ਮੰਡੀ ਸਮੇਤ ਸਾਰੀਆਂ ਮੰਡੀਆਂ ਵਿੱਚ ਲਿਫਟਿੰਗ ਸੁਸਤ, ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ
Publish Date: Thu, 23 Apr 2026 08:46 PM (IST)
Updated Date: Fri, 24 Apr 2026 04:11 AM (IST)

* ਪਿਛਲੇ ਕਈ ਦਿਨਾਂ ਤੋਂ ਆੜ੍ਹਤੀਏ ਤੇ ਲੇਬਰ ਹੋ ਰਹੇ ਪਰੇਸ਼ਾਨ ਕੈਪਸ਼ਨ : 23ਕੇਪੀਟੀ27 ਸੁਲਤਾਨਪੁਰ ਲੋਧੀ ਮੁੱਖ ਥਾਣਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਣਕ ਦੀ ਬੋਰੀਆਂ ਦੇ ਲੱਗੇ ਚੱਕਿਆਂ ਦੀ ਤਸਵੀਰ । ਕੈਪਸ਼ਨ : 23ਕੇਪੀਟੀ28 ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਕਣਕ ਦੀ ਲਿਫਟਿੰਗ ਸਬੰਧੀ ਗੱਲਬਾਤ ਕਰਦੇ ਹੋਏ । ਕੈਪਸ਼ਨ : 23ਕੇਪੀਟੀ29 ਕਿਸਾਨ ਆਗੂ ਸਰਵਣ ਸਿੰਘ ਬਾਊਪੁਰ, ਸ਼ੇਰ ਸਿੰਘ ਮਹੀਵਾਲ ਜਾਣਕਾਰੀ ਦਿੰਦੇ ਹੋਏ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਭਾਵੇਂ 1 ਅਪ੍ਰੈਲ ਤੋਂ ਪੰਜਾਬ ਦੀਆਂ ਸਮੂਹ ਦਾਣਾ ਮੰਡੀਆਂ ’ਚ ਕਣਕ ਦੀ ਸਰਕਾਰੀ ਖ਼ਰੀਦ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤੀ ਗਈ ਸੀ ਪਰ ਮੰਡੀਆਂ ’ਚ ਪਹਿਲਾਂ ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਕੁਆਲਿਟੀ ਕਾਰਨ ਖ਼ਰੀਦ ’ਚ ਦੇਰੀ ਤੇ ਫਿਰ ਕੇਂਦਰ ਸਰਕਾਰ ਵੱਲੋਂ ਖਰੀਦ ਨਿਯਮਾਂ ’ਚ ਛੋਟ ਦੇਣ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਲਿਫਟਿੰਗ ਦੀ ਪੈਦਾ ਹੋ ਗਈ ਹੈ। ਮੰਡੀਆਂ ’ਚ ਹੁਣ ਕਣਕ ਦੀਆਂ ਢੇਰੀਆਂ ਤੋਂ ਜਿਆਦਾ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਲਗਾਏ ਚੱਕਿਆਂ ਦੇ ਅੰਬਾਰ ਲੱਗੇ ਹੋਏ ਹਨ, ਜਿਸ ਕਾਰਨ ਮੰਡੀਆਂ ’ਚ ਕਿਸਾਨਾਂ ਨੂੰ ਫ਼ਸਲ ਢੇਰੀ ਕਰਨ ਸਮੇਂ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ’ਚ ਬੋਰੀਆਂ ਦੇ ਅੰਬਾਰ ਲੱਗੇ ਹੋਣ ਕਾਰਨ ਫਸਲ ਨੂੰ ਢੇਰੀ ਕਰਨ ’ਚ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਮੰਡੀ ਪ੍ਰਬੰਧਾਂ ’ਚ ਕਮੀ ਨਹੀਂ ਛੱਡੀ ਗਈ ਪਰ ਲਿਫਟਿੰਗ ਦਾ ਕੰਮ ਸੰਭਾਲ ਰਹੇ ਠੇਕੇਦਾਰ ਵੱਲੋਂ ਪੂਰੀ ਤਰ੍ਹਾਂ ਲਾਪ੍ਰਵਾਹੀ ਦਿਖਾਈ ਜਾ ਰਹੀ ਹੈ। ਮੰਡੀਆਂ ’ਚ ਕਣਕ ਚੁੱਕਣ ਲਈ ਵਾਹਨਾਂ ਦੀ ਬਹੁਤ ਘਾਟ ਹੈ। ਠੇਕੇਦਾਰ ਵੱਲੋਂ ਸਿਰਫ ਆਪਣੇ ਚਹੇਤਿਆਂ ਦੀ ਆੜਤ ਦੀ ਦੁਕਾਨਾਂ ਤੇ ਪਹਿਲਾਂ ਸਾਧਨ ਭੇਜੇ ਜਾ ਰਹੇ ਹਨ ਤੇ ਛੋਟਾ ਆੜਤੀ ਤੇ ਕਿਸਾਨ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਮਨ ਮਰਜ਼ੀ ਕਾਰਨ ਪਰੇਸ਼ਾਨ ਹੈ ਜਿਸ ਕਾਰਨ ਸਥਿਤੀ ਦਿਨੋਂ ਦਿਨ ਬੇਕਾਬੂ ਹੁੰਦੀ ਜਾ ਰਹੀ ਹੈ। ਕਿਸਾਨਾਂ ਨੇ ਪ੍ਰਸ਼ਾਸਨ ਪਾਸੋਂ ਤੁਰੰਤ ਲਿਫਟਿੰਗ ਦੀ ਸਮੱਸਿਆ ਵੱਲ ਧਿਆਨ ਦੇਣ ਦੀ ਗੁਹਾਰ ਲਗਾਈ ਹੈ। ਖੁੱਲ੍ਹੇ ਅਸਮਾਨ ਹੇਠ ਕਣਕ ਦੀਆਂ ਬੋਰੀਆਂ, ਮੌਸਮ ਦੀ ਵੀ ਚਿੰਤਾ ਹਲਕਾ ਸੁਲਤਾਨਪੁਰ ਦੀ ਮੁੱਖ ਦਾਣਾ ਮੰਡੀ ਸਮੇਤ ਵੱਖ-ਵੱਖ ਮੰਡੀਆਂ ਫੋਕਲ ਪੁਆਇੰਟਾਂ ਤੇ ਸਭ ਯਾਰਡਾਂ ਵਿੱਚ ਹੁਣ ਤੱਕ ਕਣਕ ਦੀ ਕੁੱਲ ਆਮਦ 5 ਲੱਖ 68 ਹਜ਼ਾਰ 326 ਕੁਇੰਟਲ ਹੋ ਚੁੱਕੀ ਹੈ ਜਿਹੜੀ ਕਿ ਪਿਛਲੇ ਸਾਲ ਦੀ ਕੁੱਲ ਆਮਦ 5 ਲੱਖ 59 ਹਜ਼ਾਰ 447 ਕੁਇੰਟਲ ਤੋਂ ਜਿਆਦਾ ਹੈ ਅਤੇ ਹਾਲੇ ਵੀ ਕਣਕ ਮੰਡੀਆਂ ਵਿੱਚ ਆ ਰਹੀ ਹੈ ।ਕਣਕ ਦੀ ਖਰੀਦ ਵਿੱਚ ਸਭ ਤੋਂ ਅੱਗੇ ਖਰੀਦ ਏਜੰਸੀ ਪਨਸਪ ਵੱਲੋਂ 1,82478 ਕੁਇੰਟਲ, ਮਾਰਕਫੈਡ ਵੱਲੋਂ 1,38,021 ਕੁਇੰਟਲ ਪਨਸਪ ਵੱਲੋਂ ਇਕ ਲੱਖ 49 ਹਜ਼ਾਰ 30 ਕੁਇੰਟਲ, ਵੇਅਰ ਹਾਊਸ ਵੱਲੋਂ 96 ਹਜ਼ਾਰ 552 ਕੁਇੰਟਲ ਤੋਂ ਇਲਾਵਾ 2245 ਕੁਇੰਟਲ ਪ੍ਰਾਈਵੇਟ ਦੀ ਵੀ ਖਰੀਦ ਹੋ ਚੁੱਕੀ ਹੈ। ਜਦਕਿ ਖਰੀਦ ਏਜੰਸੀ ਐਗਰੋ ਤੇ ਐਫਸੀਆਈ ਵੱਲੋਂ ਕੋਈ ਵੀ ਖਰੀਦ ਨਹੀਂ ਹੋਈ ਹੈ। ਮੰਡੀਆਂ ਵਿੱਚ ਹੁਣ ਤੱਕ ਸਿਰਫ 2 ਲੱਖ 4 ਹਜ਼ਾਰ 700 ਕੁਇੰਟਲ ਕਣਕ ਦੀ ਹੀ ਲਿਫਟਿੰਗ ਹੋ ਪਾਈ ਹੈ ਤੇ ਹਾਲੇ ਵੀ ਹਜ਼ਾਰਾਂ ਕੁਇੰਟਲ ਖੁੱਲੇ ਸਮਾਨ ਹੇਠਾਂ ਪਈ ਹੈ। ਦੂਜੇ ਪਾਸੇ ਆੜਤੀਆਂ ਮਜ਼ਦੂਰਾਂ ਨੇ ਵੀ ਲਿਫਟਿੰਗ ਨਾ ਹੋਣ ਦੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਰਮਾਤਮਾ ਨਾ ਕਰੇ ਜੇ ਕਿਤੇ ਮੌਸਮ ਵਿੱਚ ਖਰਾਬੀ ਆ ਗਈ ਤਾਂ ਬੋਰੀਆਂ ਵਿੱਚ ਪਿਆ ਹਜ਼ਾਰਾਂ ਕੁਇੰਟਲ ਅਨਾਜ ਖਰਾਬ ਤੇ ਬਰਬਾਦ ਹੋ ਸਕਦਾ ਹੈ ਜਿਸ ਲਈ ਸਭ ਤੋਂ ਵੱਡਾ ਮੁੱਖ ਕਾਰਨ ਸਰਕਾਰ ਦੇ ਕੋਲ ਗੁਦਾਮਾਂ ਵਿੱਚ ਸਟੋਰ ਕਰਨ ਲਈ ਸਪੇਸ ਨਹੀਂ ਹੈ ਤੇ ਹਾਲੇ ਵੀ ਕਈ ਥਾਵਾਂ ਤੇ ਅਨਾਜ ਸੜ ਰਿਹਾ ਹੈ। ਦੂਜੇ ਪਾਸੇ ਠੇਕੇਦਾਰ ਵੀ ਘੱਟ ਜਿੰਨੇ ਵਾਰ ਨਹੀਂ ਹੈ। ਕਈ ਆੜਤੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਹਲਕਾ ਸੁਲਤਾਨਪੁਰ ਲੋਧੀ ਵਿੱਚ ਸਿਰਫ ਇੱਕ ਹੀ ਠੇਕੇਦਾਰ ਆਪਣੀ ਅਫਸਰਸ਼ਾਹੀ ਵਿੱਚ ਵੱਡੀ ਪਹੁੰਚ ਕਾਰਨ ਹਰ ਸਾਲ ਹਰੇਕ ਸੀਜ਼ਨ ਵਿੱਚ ਆਪਣੀ ਪੂਰੀ ਮਨਮਰਜ਼ੀ ਕਰਦਾ ਹੈ ਤੇ ਜਿਹੜਾ ਵੀ ਆੜਤੀ ਉਸ ਦੇ ਖਿਲਾਫ ਸ਼ਿਕਾਇਤ ਕਰਦਾ ਹੈ ਤਾਂ ਉਹ ਫਿਰ ਜਾਣ ਬੁੱਝ ਕੇ ਉਸ ਸਾੜਤੀ ਤੇ ਮਜ਼ਦੂਰਾਂ ਨੂੰ ਪਰੇਸ਼ਾਨ ਕਰਦਾ ਹੈ। ਸਰਕਾਰ ਕਣਕ ਦੀ ਖ਼ਰੀਦ ਤੇ ਲੈਫਟਿੰਗ ’ਚ ਹੋਈ ਫੇਲ੍ਹ : ਵਿਧਾਇਕ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੰਡੀਆਂ ਵਿੱਚ ਕਣਕ ਦੀ ਖਰੀਦ ਤੇ ਲਿਫਟਿੰਗ ਵਿੱਚ ਹੋ ਰਹੀ ਦੇਰੀ ਲਈ ਸਿੱਧੇ ਤੌਰ ਤੇ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੀ ਫਸਲ ਦੀ ਸਾਂਭ ਸੰਭਾਲ ਲਈ ਫੇਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਖਰੀਦ ਵਿੱਚ ਦੇਰੀ ਤੇ ਹੁਣ ਲਿਫਟਿੰਗ ਨਾ ਹੋਣ ਕਾਰਨ ਹਾਲੇ ਕਈ ਕਿਸਾਨਾਂ ਨੂੰ ਕਣਕ ਦਾ ਭੁਗਤਾਨ ਨਹੀਂ ਹੋ ਪਾਇਆ ਜਿਸ ਕਾਰਨ ਕਿਸਾਨ ਪਰੇਸ਼ਾਨ ਹੈ। ਲਿਫਟਿੰਗ ਸਬੰਧੀ ਉਨਾ ਕਿਹਾ ਕਿ ਹਰੇਕ ਸੀਜਨ ਵਿੱਚ ਨਵੇਂ ਠੇਕੇਦਾਰ ਨੂੰ ਕੰਮ ਦੇਣਾ ਚਾਹੀਦਾ ਹੈ ਤਾਂ ਕਿ ਫਸਲਾਂ ਦੀ ਸਹੀ ਅਤੇ ਸਮੇਂ ਸਿਰ ਸੰਭਾਲ ਹੋ ਸਕੇ। ਕਿਸਾਨ ਜਥੇਬੰਦੀਆਂ ਨੇ ਕਣਕ ਦੀ ਲਿਫਟਿੰਗ ਤੁਰੰਤ ਕਰਨ ਦੀ ਕੀਤੀ ਮੰਗ ਸੰਯੁਕਤ ਕਿਸਾਨ ਮੋਰਚਾ ,ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂਆਂ ਸਰਵਣ ਸਿੰਘ ਬਾਊਪੁਰ, ਸ਼ੇਰ ਸਿੰਘ ਮਹੀਵਾਲ, ਐਡ ਰਜਿੰਦਰ ਸਿੰਘ ਰਾਣਾ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਡੀਆਂ ਵਿੱਚ ਫਸਲ ਦੀ ਖਰਾਬੀ ਹੋਣ ਦੇ ਬਚਾਓ ਲਈ ਤੁਰੰਤ ਤੇਜ਼ੀ ਲਿਆਉਣ ਦੀ ਮੰਗ ਕੀਤੀ। ਨਹੀਂ ਤਾਂ ਇਸ ਦੇ ਵਿਰੁੱਧ ਤਿੱਖਾ ਸੰਘਰਸ਼ ਛੇੜਨ ਦੀ ਵੀ ਚੇਤਾਵਨੀ ਦਿੱਤੀ। ਲਾਏ ਜਾ ਰਹੇ ਦੋਸ਼ ਝੂਠੇ ਤੇ ਬੇਬੁਨਿਆਦ : ਠੇਕੇਦਾਰ ਇਸ ਸਬੰਧੀ ਠੇਕੇਦਾਰ ਰੌਸ਼ਨ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਉਹ ਆਪਣੀ ਸਮਰੱਥਾ ਮੁਤਾਬਕ ਰੋਜ਼ਾਨਾ 50 ਤੋਂ 55 ਹਜਾਰ ਕੁਇੰਟਲ ਕਣਕ ਦੀ ਲਿਫਟਿੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆੜਤੀਆਂ ਕੋਲ ਬਾਰਦਾਨਾ ਤੇ ਲੇਬਰ ਦੀ ਘਾਟ ਸੀ। ਹੁਣ ਫਸਲ ਦਾ ਇੱਕ ਦਮ ਜ਼ੋਰ ਪੈ ਗਿਆ ਤੇ ਲਿਫਟਿੰਗ ਤਾਂ ਫਿਰ ਵੀ ਹੋ ਰਹੀ ਹੈ।