ਭਾਰਤੀ ਜੀਵਨ ਬੀਮਾ ਨਿਗਮ ਫਗਵਾੜਾ ਦਾ ਹੜਤਾਲ ਨੂੰ ਸਮਰਥਨ
ਭਾਰਤੀ ਜੀਵਨ ਬੀਮਾ ਨਿਗਮ ਫਗਵਾਰਾ ਸ਼ਾਖਾ ਵੱਲੋਂ ਲੇਬਰ ਕੋਡ ਬਿੱਲ ਦੇ ਵਿਰੋਧ ’ਚ ਦੇਸ਼-ਪੱਧਰੀ ਹੜਤਾਲ ਨੂੰ ਪੂਰਾ ਸਮਰਥਨ
Publish Date: Thu, 12 Feb 2026 07:40 PM (IST)
Updated Date: Thu, 12 Feb 2026 07:42 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਫਗਵਾੜਾ ਸ਼ਾਖਾ ਵੱਲੋਂ ਅੱਜ ਆਲ ਇੰਡੀਆ ਇੰਸ਼ੋਰੈਂਸ ਇੰਪਲਾਇਜ਼ ਐਸੋਸੀਏਸ਼ਨ (ਏਆਈਆਈਈਏ) ਦੇ ਦੇਸ਼-ਪੱਧਰੀ ਹੜਤਾਲ ਦੇ ਸੱਦੇ ’ਤੇ ਨਾਰਦਰਨ ਜ਼ੋਨ ਇੰਸ਼ੋਰੈਂਸ ਇੰਪਲਾਇਜ਼ ਐਸੋਸੀਏਸ਼ਨ ਦੇ ਸ਼ਾਖਾ ਪ੍ਰਧਾਨ ਦੀਪਕ ਕੁਮਾਰ ਦੁੱਗਲ ਤੇ ਸਕੱਤਰ ਦੀਪਕ ਜੋਸ਼ੀ ਦੀ ਅਗਵਾਈ ਹੇਠ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖ ਕੇ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ ਗਿਆ। ਇਸ ਮੌਕੇ ਦੁੱਗਲ ਤੇ ਜੋਸ਼ੀ ਨੇ ਦੱਸਿਆ ਕਿ ਇਹ ਹੜਤਾਲ ਐੱਲਆਈਸੀ ਤੇ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ (ਜੀਆਈਸੀ.) ਦੇ ਸ਼੍ਰੇਣੀ 3 ਤੇ 4 ਦੇ ਕਰਮਚਾਰੀਆਂ ਵੱਲੋਂ ਸਾਂਝੇ ਮੰਚ ਕੇਂਦਰੀ ਟਰੇਡ ਯੂਨੀਅਨਾਂ, ਜਿਨ੍ਹਾਂ ਵਿਚ 10 ਵੱਡੀਆਂ ਟਰੇਡ ਯੂਨੀਅਨਾਂ ਤੇ ਕਈ ਬੀਮਾ ਤੇ ਬੈਂਕ ਫੈੱਡਰੇਸ਼ਨਾਂ ਵੀ ਸ਼ਾਮਲ ਹਨ, ਦੇ ਸੱਦੇ ‘ਤੇ ਕੇਂਦਰ ਸਰਕਾਰ ਵੱਲੋਂ ਲੇਬਰ ਕੋਡ ਬਿੱਲ ਨੂੰ ਲਾਗੂ ਕਰਨ ਦੇ ਵਿਰੋਧ ਵਿਚ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਸਰਕਾਰ ‘ਜੀਵਨ ਯਾਪਨ ਨੂੰ ਆਸਾਨ’ ਬਣਾਉਣ ਦੀ ਬਜਾਏ ‘ਵਪਾਰ ਨੂੰ ਆਸਾਨ’ ਬਣਾਉਣ ਦੀ ਨੀਤੀ ਅਪਣਾ ਰਹੀ ਹੈ, ਜਿਸ ਕਰਕੇ ਮਜ਼ਦੂਰਾਂ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੇਬਰ ਕੋਡ ਬਿੱਲ ਵਿਚ ਸਿਰਫ਼ ਮਜ਼ਦੂਰ ਦੀ ਪਰਿਭਾਸ਼ਾ ਹੀ ਨਹੀਂ ਬਦਲੀ ਗਈ, ਸਗੋਂ ਨਿਰਧਾਰਤ ਮਿਆਦੀ ਰੋਜ਼ਗਾਰ, ਰੱਖੋ ਤੇ ਕੱਢੋ ਨੀਤੀ, ਯੂਨੀਅਨ ਦੀ ਰਜਿਸਟਰੇਸ਼ਨ ਨੂੰ ਮੁਸ਼ਕਲ ਬਣਾਉਣਾ, ਮਹਿਲਾਵਾਂ ਨੂੰ ਰਾਤ ਦੀ ਡਿਊਟੀ ਲਈ ਮਜਬੂਰ ਕਰਨਾ ਤੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨ ਵਰਗੇ ਕਦਮ ਕਾਨੂੰਨੀ ਤੌਰ ’ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਉਦਯੋਗਪਤੀਆਂ ਨੂੰ ਲਾਭ ਹੋਵੇਗਾ ਪਰ ਆਮ ਲੋਕਾਂ ’ਤੇ ਇਸ ਨੀਤੀ ਦਾ ਨਕਾਰਾਤਮਕ ਪ੍ਰਭਾਵ ਪਵੇਗਾ। ਇਸ ਦੌਰਾਨ ਸ਼ਾਖਾ ਖਜ਼ਾਨਚੀ ਸ਼ਿਵ ਕੁਮਾਰ ਅਲਵਾਦੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਾਰ ਮਹੀਨੇ ਪਹਿਲਾਂ ਤੈਅ ਹੋ ਚੁੱਕੇ ਤਨਖ਼ਾਹ ਪੁਨਰ-ਨਿਰਧਾਰਣ ਸਮਝੌਤੇ ਨੂੰ ਅਜੇ ਤੱਕ ਨੋਟੀਫਾਈ ਨਹੀਂ ਕੀਤਾ ਗਿਆ ਹੈ। ਸ਼ਾਖਾਵਾਂ ਦਾ ਕੰਮ 1 ਜਾਂ 2 ਕਰਮਚਾਰੀਆਂ ’ਤੇ ਬੋਝ ਪਾ ਕੇ ਚਲਾਇਆ ਜਾ ਰਿਹਾ ਹੈ। ਜੀਵਨ ਬੀਮਾ ਨਿਗਮ ਦੇ ਕਰਮਚਾਰੀਆਂ ਨੇ ਇਕ ਸੁਰ ਵਿਚ ਕਿਹਾ ਕਿ ਬੀਮਾ ਕਾਨੂੰਨ (ਸੰਸ਼ੋਧਨ) ਬਿੱਲ 2025, ਜੋ ਪਹਿਲਾਂ ਹੀ ਸੰਸਦ ਵਿਚ ਪਾਸ ਹੋ ਚੁੱਕਾ ਹੈ ਤੇ ਜਿਸ ਨਾਲ ਵਿਦੇਸ਼ੀ ਸਿੱਧੇ ਨਿਵੇਸ਼ ਦੀ ਹੱਦ 100 ਪ੍ਰਤੀਸ਼ਤ ਤੱਕ ਵਧਾਈ ਗਈ ਹੈ ਤੇ ਐੱਲਆਈਸੀ ਤੇ ਜੀਆਈਸੀ ਵਿਚ ਐੱਫਪੀਓ ਦੇ ਪ੍ਰਸਤਾਵ ਦਾ ਵੀ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਅਸ਼ਵਨੀ ਕੁਮਾਰ, ਸੁਰਿੰਦਰ ਕੁਮਾਰ, ਪ੍ਰਿਯੰਕਾ, ਨਰਿੰਦਰ ਕੌਰ, ਅਮਰੀਕ ਲਾਲ ਆਦਿ ਹਾਜ਼ਰ ਸਨ।