ਧੀਆਂ ਨੂੰ ਆਪਣਾ ਭਵਿੱਖ ਖੁਦ ਚੁਣਨ ਦਿਓ : ਚੰਦੀ
ਧੀਆਂ ਨੂੰ ਪੜ੍ਹਨ ਦਿਓ,ਉਨ੍ਹਾਂ ਨੂੰ ਤਰੱਕੀ ਕਰਨ ਦਿਓ,ਉਨ੍ਹਾਂ ਨੂੰ ਆਪਣਾ ਭਵਿੱਖ ਖੁਦ ਚੁਣਨ ਦਿਓ : ਐਡਵੋਕੇਟ ਚੰਦੀ
Publish Date: Mon, 23 Mar 2026 10:35 PM (IST)
Updated Date: Mon, 23 Mar 2026 10:37 PM (IST)

ਸਭ ਤੋਂ ਉੱਚੀ ਚੋਟੀ ਫਤਹਿ ਕਰਨ ਵਾਲੀ ਨਵਪ੍ਰੀਤ ਕੌਰ ਨਾਲ ਆਪ ਹਲਕਾ ਇੰਚਾਰਜ ਨੇ ਕੀਤੀ ਮੁਲਾਕਾਤ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਦੀ ਵਸਨੀਕ ਨਵਪ੍ਰੀਤ ਕੌਰ ਨੇ ਦੱਖਣ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ’ਤੇ ਸਫਲਤਾਪੂਰਵਕ ਚੜ੍ਹਾਈ ਕਰਕੇ ਇਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਨਵਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮਾਊਂਟ ਕਿਲੀਮੰਜਾਰੋ ਦੀ ਇਤਿਹਾਸਕ ਚੜ੍ਹਾਈ ਲਈ ਵਧਾਈ ਦਿੱਤੀ। ਇਸ ਮੌਕੇ ਐਡਵੋਕੇਟ ਚੰਦੀ ਨੇ ਕਿਹਾ ਕਿ ਨਵਪ੍ਰੀਤ ਕੌਰ ਕਪੂਰਥਲਾ ਜ਼ਿਲ੍ਹੇ ਦੀ ਪਹਿਲੀ ਕੁੜੀ ਹੈ, ਜਿਸਨੇ ਇਸ ਮੁਸ਼ਕਲ ਚੋਟੀ ਨੂੰ ਫਤਹਿ ਕੀਤਾ ਹੈ। ਉਨ੍ਹਾਂ ਦਾ ਜਨੂੰਨ ਤੇ ਸਖ਼ਤ ਮਿਹਨਤ ਦੂਜੀਆਂ ਧੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਜਦੋਂ ਧੀਆਂ ਸਿੱਖਿਅਤ, ਸਸ਼ਕਤ ਤੇ ਸਵੈ-ਨਿਰਭਰ ਬਣ ਜਾਂਦੀਆਂ ਹਨ ਤੇ ਸਖ਼ਤ ਮਿਹਨਤ ਰਾਹੀਂ ਸਫਲਤਾ ਪ੍ਰਾਪਤ ਕਰਦੀਆਂ ਹਨ, ਤਾਂ ਉਹ ਸਮਾਜ ਦੀ ਨੀਂਹ ਤੇ ਭਵਿੱਖ ਦੀ ਨੀਂਹ ਬਣ ਜਾਂਦੀਆਂ ਹਨ। ਐਡਵੋਕੇਟ ਚੰਦੀ ਨੇ ਕਿਹਾ ਕਿ ਅੱਜ ਸਾਰੇ ਲੋਕਾਂ ਨੂੰ ਪੁੱਤਰ ਤੇ ਧੀ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ। ਸਿਰਫ਼ ਭਾਰਤ ਵਿਚ ਹੀ ਨਹੀਂ, ਸਗੋਂ ਦੁਨੀਆ ਭਰ ਵਿਚ, ਧੀਆਂ ਸਾਰੇ ਖੇਤਰਾਂ ਵਿਚ ਸ਼ਾਨਦਾਰ ਕੰਮ ਕਰਕੇ ਇਕ ਮਿਸਾਲ ਕਾਇਮ ਕਰ ਰਹੀਆਂ ਹਨ। ਇਹ ਵੀ ਮੰਦਭਾਗਾ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਆਪਣੀਆਂ ਧੀਆਂ ਦਾ ਵਿਆਹ ਬਹੁਤ ਛੋਟੀ ਉਮਰ ਵਿਚ ਕਰ ਦਿੰਦੇ ਹਨ। ਸਾਨੂੰ ਇਸ ਤੋਂ ਪੂਰੀ ਤਰ੍ਹਾਂ ਬਚਣ ਦੀ ਲੋੜ ਹੈ। ਪਹਿਲਾਂ ਧੀ ਨੂੰ ਪੜ੍ਹਨ ਦਿਓ, ਬਾਲਗ ਬਣਨ ਦਿਓ, ਉਸਨੂੰ ਆਪਣਾ ਭਵਿੱਖ ਖੁਦ ਚੁਣਨ ਦਿਓ ਤੇ ਫਿਰ ਉਸਦੀ ਇੱਛਾ ਅਨੁਸਾਰ ਸਹੀ ਸਮੇਂ ’ਤੇ ਉਸਦਾ ਵਿਆਹ ਕਰੋ।