ਕੁਸ਼ਟ ਰੋਗ ਲਾਇਲਾਜ ਨਹੀਂ, ਸਮੇਂ 'ਤੇ ਜਾਂਚ ਜ਼ਰੂਰੀ : ਡਾ. ਭਗਤ
ਕੁਸ਼ਟ ਰੋਗ ਲਾਇਲਾਜ ਨਹੀਂ, ਸਮੇਂ 'ਤੇ ਜਾਂਚ ਤੇ ਇਲਾਜ ਜ਼ਰੂਰੀ : ਡਾ. ਸੰਜੀਵ ਭਗਤ
Publish Date: Fri, 30 Jan 2026 07:56 PM (IST)
Updated Date: Fri, 30 Jan 2026 07:58 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਕੁਸ਼ਟ ਰੋਗ ਲਾਇਲਾਜ ਨਹੀਂ ਬਸ਼ਰਤੇ ਇਸ ਬੀਮਾਰੀ ਦਾ ਸਮੇਂ ਤੇ ਪਤਾ ਲੱਗ ਜਾਏ ਤੇ ਇਲਾਜ ਸ਼ੁਰੂ ਹੋ ਜਾਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਵਿਸ਼ਵ ਕੁਸ਼ਟ ਰੋਗ ਦਿਵਸ ਮੌਕੇ ਕੀਤਾ। ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਕਿਹਾ ਕਿ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਬਹੁਤ ਜ਼ਰੂਰੀ ਹੈ ਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਇਸ ਬੀਮਾਰੀ ਦੇ ਕਾਰਨਾਂ, ਲੱਛਣਾਂ ਤੇ ਇਲਾਜ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੁਸ਼ਟ ਰੋਗੀਆਂ ਨਾਲ ਸਮਾਜ ਵਿਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਤੇ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਵਿਚ ਸ਼ਾਮਲ ਹੋਣ ਵਿਚ ਮਦਦ ਕਰਨੀ ਚਾਹੀਦੀ ਹੈ। ਡਾ. ਭਗਤ ਨੇ ਕਿਹਾ ਕਿ ਕੁਸ਼ਟ ਰੋਗ ਨੂੰ ਲੈ ਕੇ ਸਮਾਜ ਵਿਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਪ੍ਰਚਲਤ ਹਨ ਜੋਕਿ ਗਲਤ ਹਨ। ਉਨ੍ਹਾਂ ਚਿੰਤਾ ਜਤਾਈ ਕਿ ਕੁਸ਼ਟ ਰੋਗ ਨੂੰ ਪੁਰਾਣੇ ਕਰਮਾਂ ਦੇ ਫਲ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜਦ ਕਿ ਇਹ ਰੋਗ ਮਾਈਕ੍ਰੋਬੈਕਟੀਰੀਅਮਲੈਪ੍ਰੀ ਨਾਮ ਦੇ ਜੀਵਾਣੂ ਨਾਲ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਜਮਾਂਦਰੂ ਰੋਗ ਨਹੀਂ ਹੈ। ਡਾ. ਭਗਤ ਨੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਕੁਸ਼ਟ ਰੋਗੀਆਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕੁਸ਼ਟ ਰੋਗ ਦੇ ਲੱਛਣਾਂ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸ਼ਰੀਰ ਤੇ ਅਜਿਹਾ ਕੋਈ ਦਾਗ ਜਾਂ ਚਮੜੀ ਤੇ ਸੁੰਨ ਦਾ ਨਿਸ਼ਾਨ, ਚਮੜੀ ਦਾ ਰੰਗ ਤਾਂਬੇ ਦੀ ਤਰ੍ਹਾਂ ਹੋਣਾ ਇਸ ਰੋਗ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰੀ ਸਲਾਹ ਨਾਲ ਦਵਾਈ ਦਾ ਕੋਰਸ ਪੂਰਾ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸਾਰੇ ਸਟਾਫ ਮੈਂਬਰਾਂ ਨੂੰ ਕੁਸ਼ਟ ਰੋਗੀਆਂ ਨੂੰ ਮੁੱਖ ਧਾਰਾ ਵਿਚ ਲਿਆਉਣ ’ਚ ਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਕਰਨ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਏਸੀਐੱਸ ਡਾ. ਅੰਨੂ ਸ਼ਰਮਾ, ਡੀਐੱਫਪੀਓ ਡਾ. ਰਵਜੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਸਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਬੀਸੀਸੀ ਕੁਆਰਡੀਨੇਟਰ ਜੋਤੀ ਅਨੰਦ ਤੇ ਹੋਰ ਹਾਜ਼ਰ ਸਨ।