ਲੀਡਸ ਇੰਡੇਨ ਫਗਵਾੜਾ ਨੇ ਲਗਾਇਆਫ੍ਰੀ ਹੈਲਥ ਚੈੱਕਅਪ ਕੈਂਪ
ਲੀਡਸ ਇੰਡੇਨ ਫਗਵਾੜਾ ਵੱਲੋਂ ਸੇਫਟੀ ਕਲੀਨਿਕ ਕੈਂਪ ਅਤੇ ਫ੍ਰੀ ਹੈਲਥ ਚੈਕਅਪ ਕੈਂਪ ਦਾ ਆਯੋਜਨ
Publish Date: Sat, 14 Feb 2026 07:31 PM (IST)
Updated Date: Sat, 14 Feb 2026 07:33 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਭੁੱਲਾਰਾਈ ਰੋਡ ਸਬਜ਼ੀ ਮੰਡੀ ਦੇ ਪਿਛੇ ਲੀਡਸ ਇੰਡੇਨ ਵੱਲੋਂ ਇੰਡੀਅਨ ਆਇਲ ਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਦੇ ਸਹਿਯੋਗ ਨਾਲ ਸੇਫਟੀ ਕਲੀਨਿਕ ਕੈਂਪ ਤੇ ਫ੍ਰੀ ਹੈਲਥ ਚੈੱਕਅਪ ਕੈਂਪ ਸ਼ੁੱਕਰਵਾਰ 13 ਫ਼ਰਵਰੀ ਨੂੰ ਪਿੰਡ ਭੁੱਲਾਰਾਈ ਵਿਚ ਕੋ-ਆਪਰੇਟਿਵ ਸੋਸਾਇਟੀ ਬੈਂਕ ਦੇ ਨੇੜੇ ਸਥਿਤ ਭੁੱਲਾਰਾਈ ਕਮਿਊਨਿਟੀ ਸੈਂਟਰ ਵਿਚ ਲਗਾਇਆ ਗਿਆ। ਇਸ ਮੌਕੇ ਗੁਪਤਾ ਹਸਪਤਾਲ ਫਗਵਾੜਾ ਦੇ ਜਨਰਲ ਤੇ ਲੈਪ੍ਰੋਸਕੋਪਿਕ ਸਰਜਨ ਡਾ. ਵਿਕਾਸ ਗੁਪਤਾ ਐੱਮਬੀਬੀਐਸ, ਐੱਮਐੱਸ ਨੇ 50 ਮਰੀਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਇੰਡਿਅਨ ਆਇਲ ਜਲੰਧਰ ਦੀ ਫੀਲਡ ਅਫਸਰ ਨਿਧੀ ਭਾਟੀਆ ਨੇ ਉਪਭੋਗਤਾਵਾਂ ਨੂੰ ਐੱਲਪੀਜੀ ਦੇ ਫਾਇਦੇ ਦੱਸਦਿਆਂ ਕਿਹਾ ਕਿ ਐੱਲਪੀਜੀ ਖਾਣਾ ਬਣਾਉਣ ਤੇ ਹੀਟਿੰਗ ਲਈ ਇਕ ਕਿਫਾਇਤੀ ਈਂਧਣ ਹੈ। ਇਹ ਘੱਟ ਪ੍ਰਦੂਸ਼ਣ ਕਰਦਾ ਹੈ ਤੇ ਕਈ ਖੇਤਰਾਂ ਵਿਚ ਆਸਾਨੀ ਨਾਲ ਉਪਲਬਧ ਹੈ। ਇਸ ਮੌਕੇ ਉਨ੍ਹਾਂ ਐੱਲਪੀਜੀ ਸਿਲੰਡਰ ਦੀ ਡਿਲੀਵਰੀ ਤੋਂ ਪਹਿਲਾਂ ਕੀਤੀ ਜਾਣ ਵਾਲੀ ਪ੍ਰਕਿਰਿਆ ਨੂੰ ਵਿਸਥਾਰ ਨਾਲ ਸਮਝਾਇਆ। ਐੱਲਪੀਜੀ ਸਿਲੰਡਰ ਦੀ ਸੁਰੱਖਿਆ ਲਈ ਕੁਝ ਮਹੱਤਵਪੂਰਨ ਸੁਝਾਵਾਂ ਬਾਰੇ ਜਾਣਕਾਰੀ ਦਿੰਦਿਆਂ ਨਿਧੀ ਭਾਟੀਆ ਨੇ ਦੱਸਿਆ ਕਿ ਸਿਲੰਡਰ ਨੂੰ ਹਮੇਸ਼ਾਂ ਸਿੱਧਾ ਰੱਖੋ, ਉਸ ਨੂੰ ਲਿਟਾ ਕੇ ਜਾਂ ਤਿਰਛਾ ਨਾ ਰੱਖੋ। ਸਿਲੰਡਰ ਨੂੰ ਗਰਮੀ ਦੇ ਸਰੋਤਾਂ ਜਿਵੇਂ ਅੱਗ, ਹੀਟਰ ਜਾਂ ਸਿੱਧੀ ਧੁੱਪ ਤੋਂ ਦੂਰ ਰੱਖੋ। ਸਿਲੰਡਰ, ਵਾਲਵ ਤੇ ਰੈਗੂਲੇਟਰ ਦੀ ਨਿਯਮਿਤ ਜਾਂਚ ਕਰੋ ਕਿ ਕਿਤੇ ਕੋਈ ਰਿਸਾਵ ਤਾਂ ਨਹੀਂ ਹੈ। ਗੈਸ ਸਿਲੰਡਰ ਅਤੇ ਉਪਕਰਣਾਂ ਦੀ ਨਿਯਮਿਤ ਜਾਂਚ ਕਰਵਾਓ ਤੇ ਜੇ ਕੋਈ ਸਮੱਸਿਆ ਹੋਵੇ ਤਾਂ ਉਸ ਨੂੰ ਤੁਰੰਤ ਠੀਕ ਕਰਵਾਓ। ਜੇ ਸਿਲੰਡਰ ਵਿਚ ਧਮਾਕਾ ਹੋ ਜਾਵੇ ਤਾਂ ਤੁਰੰਤ ਇਲਾਕਾ ਖਾਲੀ ਕਰੋ ਤੇ ਅੱਗ ਬੁਝਾਉ ਵਿਭਾਗ ਨੂੰ ਸੂਚਿਤ ਕਰੋ। ਸਿਲੰਡਰ ਦਾ ਵਾਲਵ ਹਮੇਸ਼ਾਂ ਬੰਦ ਰੱਖੋ, ਖਾਸ ਕਰਕੇ ਜਦੋਂ ਵਰਤੋਂ ਵਿਚ ਨਾ ਹੋਵੇ। ਇਸ ਮੌਕੇ ਅਮਿਤ ਓਹਰੀ, ਅਮੀਤਾ ਓਹਰੀ, ਸ਼ਿਵਮ ਓਹਰੀ, ਸਰਪੰਚ ਰਜਤ ਰਾਜੂ, ਮਮਤਾ, ਵਿਕਾਸ ਗੁਪਤਾ, ਮਨੀਸ਼ਾ, ਰਿਤਿਕ ਕੁਮਾਰ, ਮੰਜੀਤ ਸਿੰਘ ਤੇ ਹੋਰ ਹਾਜ਼ਰ ਸਨ।