ਆਰਸੀਐੱਫ ਸਣੇ ਚਾਰ ਟੀਮਾਂ ਨਾਕਆਊਟ’ ਚ
83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਦਾ ਲੀਗ ਚਰਨ ਆਰ ਸੀ ਐੱਫ ਵਿਖੇ ਸੰਪੰਨ
Publish Date: Mon, 23 Feb 2026 06:41 PM (IST)
Updated Date: Mon, 23 Feb 2026 06:43 PM (IST)

83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਦਾ ਲੀਗ ਪੜਾਅ ਸੰਪੰਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਰਸੀਐੱਫ, ਕਪੂਰਥਲਾ ਵਿਚ ਆਯੋਜਿਤ 83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਦਾ ਲੀਗ ਪੜਾਅ ਅੱਜ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ 9 ਰੇਲਵੇ ਟੀਮਾਂ ਨੇ ਭਾਗ ਲਿਆ ਤੇ ਲੀਗ ਮੈਚਾਂ ਦੌਰਾਨ ਉੱਚ ਦਰਜੇ ਦੀ ਹਾਕੀ ਦੇਖਣ ਨੂੰ ਮਿਲੀ। ਇਸ ਮਾਣਮੱਤੀ ਰਾਸ਼ਟਰੀ ਪੱਧਰ ਦੀ ਹਾਕੀ ਪ੍ਰਤੀਯੋਗਿਤਾ ਵਿਚ ਕਈ ਓਲੰਪੀਅਨ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਆਪਣੀ ਖੇਡ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ ਵਿਚ ਸ਼ਾਮਲ ਟੀਮਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ। ਗਰੁੱਪ ‘ਬੀ’ ਵਿਚ ਨਾਰਦਰਨ ਰੇਲਵੇ ਵੱਲੋਂ ਨਵੀਂ ਦਿੱਲੀ, ਸੈਂਟਰਲ ਰੇਲਵੇ ਵੱਲੋਂ ਇੰਟੀਗ੍ਰਲ ਕੋਚ ਫੈਕਟਰੀ ਮੁੰਬਈ, ਚੇਨ੍ਹਈ ਤੇ ਈਸਟਰਨ ਰੇਲਵੇ ਵੱਲੋਂ ਕੋਲਕਾਤਾ ਸ਼ਾਮਲ ਸਨ। ਜਦਕਿ ਗਰੁੱਪ ‘ਡੀ’ ਵਿਚ ਵੈਸਟਰਨ ਰੇਲਵੇ ਵੱਲੋਂ ਮੁੰਬਈ, ਸਾਊਥ ਈਸਟ ਸੈਂਟਰਲ ਰੇਲਵੇ, ਬਿਲਾਸਪੁਰ ਵੱਲੋਂ ਬਨਾਰਸ ਲੋਕੋਮੋਟਿਵ ਵਰਕਸ, ਬਨਾਰਸ, ਸਾਊਦਰਨ ਰੇਲਵੇ ਵੱਲੋਂ ਚੇਨ੍ਹਈ ਤੇ ਮੇਜ਼ਬਾਨ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ ਸ਼ਾਮਲ ਸਨ। ਛੇ ਦਿਨ ਚੱਲੇ ਲੀਗ ਪੜਾਅ ਦੌਰਾਨ ਕੁੱਲ 16 ਮੈਚ ਖੇਡੇ ਗਏ। ਇਨ੍ਹਾਂ ਵਿੱਚੋਂ ਗਰੁੱਪ ‘ਬੀ’ ਤੋਂ ਨਾਰਦਰਨ ਰੇਲਵੇ, ਨਵੀਂ ਦਿੱਲੀ ਤੇ ਸੈਂਟਰਲ ਰੇਲਵੇ, ਮੁੰਬਈ ਨੇ ਤੇ ਗਰੁੱਪ ‘ਡੀ’ ਤੋਂ ਰੇਲ ਕੋਚ ਫੈਕਟਰੀ ਕਪੂਰਥਲਾ ਤੇ ਵੈਸਟਰਨ ਰੇਲਵੇ, ਮੁੰਬਈ ਨੇ ਨਾਕਆਊਟ ਪੜਾਅ ਵਿਚ ਆਪਣਾ ਸਥਾਨ ਪੱਕਾ ਕੀਤਾ। ਅੱਜ ਲੀਗ ਪੜਾਅ ਦਾ ਆਖ਼ਰੀ ਮੈਚ ਆਰਸੀਐੱਫ, ਕਪੂਰਥਲਾ ਤੇ ਬਨਾਰਸ ਲੋਕੋਮੋਟਿਵ ਵਰਕਸ ਬਨਾਰਸ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿਚ ਆਰਸੀਐੱਫ ਟੀਮ ਨੇ 7–0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਚੈਂਪੀਅਨਸ਼ਿਪ ਦੇ ਲੀਗ ਚਰਨ ਦਾ ਦੂਜਾ ਹਿੱਸਾ ਰਾਂਚੀ ਵਿਚ ਆਯੋਜਿਤ ਕੀਤਾ ਗਿਆ, ਜਿਥੇ ਵੀ 9 ਰੇਲਵੇ ਟੀਮਾਂ ਨੇ ਭਾਗ ਲਿਆ। ਉਥੋਂ ਵੀ ਟੌਪ ਦੀਆਂ 4 ਟੀਮਾਂ ਨੇ ਨਾਕਆਊਟ ਚਰਨ ਲਈ ਯੋਗਤਾ ਪ੍ਰਾਪਤ ਕੀਤੀ। ਚੈਂਪੀਅਨਸ਼ਿਪ ਦਾ ਨਾਕਆਊਟ ਪੜਾਅ 27 ਫਰਵਰੀ ਤੋਂ 2 ਮਾਰਚ ਤੱਕ ਮਾਡਰਨ ਕੋਚ ਫੈਕਟਰੀ, ਰਾਏਬਰੇਲੀ ਵਿਚ ਆਯੋਜਿਤ ਕੀਤਾ ਜਾਵੇਗਾ, ਜਿਥੇ ਕੁੱਲ 8 ਟੀਮਾਂ ਖਿਤਾਬ ਲਈ ਮੁਕਾਬਲਾ ਕਰਨਗੀਆਂ। ਇਸ ਮੌਕੇ ਆਰਸੀਐੱਫ ਦੇ ਮਹਾਂਪ੍ਰਬੰਧਕ ਅਜੈ ਨੰਦਨ ਮੈਚ ਦੇਖਣ ਪਧਾਰੇ। ਉਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਤੇ ਸਫਲ ਆਯੋਜਨ ਲਈ ਆਰਸੀਐੱਫ ਖੇਡ ਸੰਘ ਤੇ ਟੀਮਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਕੇਐੱਸ ਅਸਲਾ ਚੇਅਰਮੈਨ ਆਰਸੀਐੱਫ ਸਪੋਰਟਸ ਐਸੋਸੀਏਸ਼ਨ ਸਮੇਤ ਐਸੋਸੀਏਸ਼ਨ ਦੇ ਅਧਿਕਾਰੀ, ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਤੇ ਦਰਸ਼ਕ ਮੌਜੂਦ ਰਹੇ। ਸਾਰੀਆਂ ਟੀਮਾਂ ਨੇ ਬੇਹਤਰੀਨ ਖੇਡ ਕੁਸ਼ਲਤਾ, ਟੀਮ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਰੇਲਵੇ ਬੋਰਡ ਤੋਂ ਆਏ ਅਧਿਕਾਰੀਆਂ ਤੇ ਖਿਡਾਰੀਆਂ ਨੇ ਆਰਸੀਐੱਫ ਕਪੂਰਥਲਾ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਤੇ ਮਹਿਮਾਨਨਵਾਜ਼ੀ ਦੀ ਭਰਪੂਰ ਸਰਾਹਨਾ ਕੀਤੀ।