ਅਧਿਆਪਕ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਨਗੇ : ਜੀਟੀਯੂ
ਪੰਜਾਬ ਵਿਧਾਨ ਸਭਾ ਦੇ ਘਿਰਾਓ ਲਈ ਗੋਰਮਿੰਟ ਟੀਚਰ ਯੂਨੀਅਨ ਕਪੂਰਥਲਾ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
Publish Date: Thu, 12 Mar 2026 08:34 PM (IST)
Updated Date: Thu, 12 Mar 2026 08:36 PM (IST)
--ਸਿਆਸੀ ਢਾਂਚੇ ਦੇ ਬਦਲਣ ਨਾਲ ਹੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਹੋ ਸਕਦਾ : ਬੱਧਣ, ਵੜੈਚ, ਟਿੱਬਾ
ਲਖਵੀਰ ਸਿੰਘ ਲੱਖੀ/ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਡੀਏ ਦੀਆਂ 16 ਫ਼ੀਸਦੀ ਕਿਸ਼ਤਾਂ ਦੀ ਅਦਾਇਗੀ ਤੇ ਟੈੱਟ ਦੇ ਵਿਰੋਧ ਵਿਚ ਸਾਂਝੇ ਮੁਲਾਜ਼ਮ ਫਰੰਟ ਵੱਲੋਂ ਪੰਜਾਬ ਵਿਧਾਨ ਸਭਾ ਦੇ ਘੇਰਾਓ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਕਪੂਰਥਲਾ ਤੋਂ ਰਵਾਨਾ ਹੋਣ ਸਮੇਂ ਆਗੂਆਂ ਨੇ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਣ, ਬਲਬੀਰ ਸਿੰਘ ਕਾਲਰੂ, ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਬਲਜੀਤ ਸਿੰਘ ਟਿੱਬਾ, ਸੁਖਦੇਵ ਸਿੰਘ, ਪ੍ਰਦੀਪ ਸਿੰਘ ਘੁਮਾਣ, ਕੰਵਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਨਾਲ਼ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਟੈੱਟ ਦੇ ਪੇਪਰ ਸਬੰਧੀ ਕਰਨਾਟਕ, ਤਾਮਿਲਨਾਡੂ, ਕੇਰਲ ਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਅਧਿਆਪਕਾਂ ਦੇ ਹੱਕ ਵਿਚ ਖੜ੍ਹਦਿਆਂ ਇਸ ਦਾ ਵਿਰੋਧ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਮਹਿੰਗਾਈ ਭੱਤੇ ਦੀ ਕੋਈ ਕਿਸ਼ਤ ਨਹੀਂ ਦਿੱਤੀ। ਕੇਂਦਰੀ ਤੇ ਗੁਆਂਢੀ ਸੂਬਿਆਂ ਦੇ ਮੁਲਾਜ਼ਮ ਅੱਜ 58 ਫ਼ੀਸਦੀ ਮਹਿੰਗਾਈ ਭੱਤਾ ਲੈ ਰਹੇ ਹਨ ਜਦ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ 42 ਫ਼ੀਸਦੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦਾ ਸਿਆਸੀ ਢਾਂਚਾ ਬਦਲਿਆ ਜਾਵੇ ਤਾਂ ਜੋ ਰਾਜਨੀਤੀ ਦਾ ਗ਼ਲਤ ਇਸਤੇਮਾਲ ਕਰ ਰਹੇ ਲੋਕਾਂ ਨੂੰ ਇਸ ਤੋਂ ਦੂਰ ਰੱਖਿਆ ਜਾ ਸਕੇ। ਇਸ ਮੌਕੇ ਆਗੂਆਂ ਨੇ ਚੰਡੀਗੜ੍ਹ ਪੁਲਿਸ ਵੱਲੋਂ ਅਧਿਆਪਕਾਂ ’ਤੇ ਕੀਤੇ ਗਏ ਅੱਤਿਆਚਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਜਗਜੀਤ ਸਿੰਘ ਰਾਜੂ, ਅਸ਼ਵਨੀ ਕੁਮਾਰ, ਸ਼ਿੰਦਰ ਸਿੰਘ, ਅਮਨਦੀਪ ਸਿੰਘ ਜੱਬੋਵਾਲ, ਯਾਦਵਿੰਦਰ ਸਿੰਘ, ਜਗਮੋਹਣ ਸਿੰਘ, ਸੁਖਨਿੰਦਰ ਸਿੰਘ, ਗੁਰਪ੍ਰੀਤ ਸਿੰਘ ਮਹਿਰਵਾਲਾ, ਮਨਜਿੰਦਰ ਸਿੰਘ, ਅਮ੍ਰਿੰਤ ਸਿੰਘ, ਰਾਜੀਵ ਪਠਾਣੀਆ, ਪਰਮਿੰਦਰ ਸਿੰਘ ਬਾਜਾ ਆਦਿ ਹਾਜ਼ਰ ਸਨ।