ਭੁਲੱਥ ਦੇ ਵਕੀਲਾਂ ਨੇ ਅਦਾਲਤੀ ਕੰਮਾਂ ਦਾ ਕੀਤਾ ਬਾਈਕਾਟ
ਬਾਰ ਐਸੋਸੀਏਸ਼ਨ ਭੁਲੱਥ ਦੇ ਵਕੀਲਾਂ ਵੱਲੋਂ ਅਦਾਲਤ ਦੇ ਕੰਮਕਾਜ ਦਾ ਬਾਈਕਾਟ ਕਰਕੇ ਰੱਖਿਆ ਨੋ ਵਰਕ ਡੇ
Publish Date: Thu, 05 Feb 2026 08:23 PM (IST)
Updated Date: Thu, 05 Feb 2026 08:26 PM (IST)
ਬਾਈਕਾਟ 7 ਫਰਵਰੀ ਤੱਕ ਲਗਾਤਾਰ ਚੱਲੇਗਾ : ਐਡਵੋਕੇਟ ਸਹਿਗਲ
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ
ਭੁਲੱਥ : ਸਬ-ਡਿਵੀਜ਼ਨਲ ਕੋਰਟ ਭੁਲੱਥ ਵਿਖੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਬਾਰ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਦੀ ਅਗਵਾਈ ਵਿਚ ਅਦਾਲਤ ਦੇ ਕੰਮਕਾਜ ਦਾ ਬਾਈਕਾਟ ਕਰਕੇ ਨੋ ਵਰਕ ਡੇ ਕੀਤਾ ਗਿਆ। ਬਾਰ ਐਸੋਸੀਏਸ਼ਨ ਭੁਲੱਥ ਦੇ ਪ੍ਰਧਾਨ ਐਡਵੋਕੇਟ ਸਹਿਗਲ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਭਰ ਦੀਆਂ ਸਾਰੀਆਂ ਬਾਰ ਐਸੋਸੀਏਸ਼ਨ ਵੱਲੋਂ ਵਰਚੂਅਲ ਮੀਟਿੰਗ ਕਰਕੇ 5 ਤੋਂ ਲੈ ਕੇ 7 ਫਰਵਰੀ ਤੱਕ ਲਗਾਤਾਰ ਤਿੰਨ ਦਿਨ ਪੰਜਾਬ ਦੀਆਂ ਅਦਾਲਤਾਂ ਦੇ ਕੰਮਕਾਜ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਵਕੀਲਾਂ ਵੱਲੋਂ ਲੰਮੇ ਸਮੇਂ ਤੋਂ ਹਾਈਕੋਰਟ ਵੱਲੋਂ ਹੇਠਲੀਆਂ ਅਦਾਲਤਾਂ ਵਿਚ ਐਕਸ਼ਨ ਪਲਾਨ ਕੇਸ, ਫੌਜਦਾਰੀ ਕੇਸਾਂ ਵਿਚ ਡਿਫੈਂਸ ਵਕੀਲ ਨਿਯੁਕਤ ਕਰਨ ਤੇ ਦਿਹਾਤੀ ਅਦਾਲਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਸਬੰਧ ਵਿਚ ਰਾਜ ਭਰ ਦੇ ਵਕੀਲਾਂ ਵੱਲੋਂ ਮਾਨਯੋਗ ਪੰਜਾਬ ਤੇ ਹਾਈਕੋਰਟ ਦੇ ਚੀਫ ਜਸਟਿਸ ਨਾਲ ਮੁਲਾਕਾਤ ਕਰਕੇ ਮੰਗਾਂ ਮਨਵਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਹਾਈਕੋਰਟ ਵੱਲੋਂ ਪੰਜਾਬ ਭਰ ਦੇ ਵਕੀਲਾਂ ਨੂੰ ਮਿਲਣ ਲਈ ਕੋਈ ਵੀ ਸਮਾਂ ਨਹੀਂ ਦਿੱਤਾ ਗਿਆ, ਜਿਸ ਕਰਕੇ ਬੀਤੇ ਦਿਨੀਂ ਇਹ ਫੈਸਲਾ ਲਿਆ ਗਿਆ ਕਿ ਸਾਰੇ ਰਾਜ ਦੀਆਂ ਅਦਾਲਤਾਂ ਦੇ ਕੰਮਕਾਜ ਦਾ ਬਾਈਕਾਟ ਕੀਤਾ ਜਾਵੇਗਾ, ਜਿਸ ਤਹਿਤ ਅੱਜ ਇਹ ਹੜਤਾਲ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜੇਕਰ ਵਕੀਲਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ ਤੋਂ ਪੂਰੇ ਪੰਜਾਬ ਵਿਚ ਵਕੀਲਾਂ ਵੱਲੋਂ ਕੋਰਟ ਕੰਪਲੈਕਸਾਂ ਵਿਚ ਧਰਨੇ ਦਿੱਤੇ ਜਾਣਗੇ। ਇਸ ਮੌਕੇ ਐਡਵੋਕੇਟ ਮਨਿੰਦਰ ਸਿੰਘ ਸੈਕਟਰੀ, ਪਰਵਿੰਦਰ ਸਿੰਘ ਸਾਬਕਾ ਪ੍ਰਧਾਨ, ਮਨਦੀਪ ਸਿੰਘ ਇਬਰਾਹੀਮ ਵਾਲ, ਪੰਥਜੀਤ ਸਿੰਘ ਪੱਡਾ, ਰਾਜਦੀਪ ਸਿੰਘ, ਅੰਮ੍ਰਿਤਪਾਲ ਸਿੰਘ ਬੇਦੀ, ਨਵਜਿੰਦਰ ਸਿੰਘ, ਜਗਜੀਤ ਸਿੰਘ ਟਾਂਡੀ, ਅਨੂਪ ਸਿੰਘ, ਸੁਖਵਿੰਦਰ ਸਿੰਘ ਬੋਪਾਰਾਏ, ਸੱਤਪਾਲ ਵਧਾਵਨ, ਮਨਦੀਪ ਸਿੰਘ, ਪਰਵਿੰਦਰ ਸਿੰਘ, ਅਭਿਸ਼ੇਕ ਢੱਲ, ਸੁਖਦੇਵ ਸਿੰਘ, ਅੰਤਰਜੋਤ ਸਿੰਘ, ਧਰੁਵ ਗੁਪਤਾ, ਆਜ਼ਾਦ ਸਿੱਧੂ, ਨਵਨੀਤ ਸਹਿਗਲ, ਸਰਬਜੀਤ ਕੌਰ, ਨਵ-ਸੰਦੀਪ ਕੌਰ, ਮੈਡਮ ਏਕਤਾ ਤੇ ਹੋਰ ਹਾਜ਼ਰ ਸਨ।