- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਸਰਕਾਰ ਵੱਲੋਂ ਬੇਅਦਬੀ ਰੋਕਣ ਲਈ ਬਣਾਇਆ ਕਾਨੂੰਨ ਸਲਾਘਾ ਯੋਗ ਡਾਕਟਰ ਚੱਬੇਵਾਲ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਧਰਮਾਂ ਦੇ ਲੋਕ ਸਤਿਕਾਰ ਕਰਦੇ ਹਨ ਪਰ ਕੁਝ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਲਈ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀਆਂ ਬੇਅਦਬੀਆਂ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਕੋਈ ਸਖ਼ਤ ਕਾਨੂੰਨ ਨਾ ਹੋਣ ਕਾਰਨ ਸ਼ਰਾਰਤੀ ਅਨਸਰ ਪਾਗਲਪਨ ਆਦਿ ਦਾ ਬਹਾਨਾ ਕਰਕੇ ਬੜੀ ਆਸਾਨੀ ਨਾਲ ਬਚ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ’ਚ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਾਰੀ ਉਮਰ ਜੇਲ੍ਹ ਚ ਹੀ ਰਹਿਣਾ ਪਵੇਗਾ ਤੇ 25 ਲੱਖ ਤੱਕ ਜੁਰਮਾਨਾ ਵੀ ਭਰਨਾ ਪਵੇਗਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਧਾਨ ਸਭਾ ਦੇ 13 ਅਪ੍ਰੈਲ ਨੂੰ ਬੁਲਾਏ ਗਏ ਇਜਲਾਸ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਬਿਲ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜਪਾਲ ਦੀ ਮਨਜ਼ੂਰੀ ਦੇ ਨਾਲ ਹੀ ਹੁਣ ਇਹ ਕਾਨੂੰਨ ਬਣ ਗਿਆ ਹੈ। ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ, ਉਸ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਜੇਕਰ ਨੀਤ ਚੰਗੀ ਹੋਵੇ ਤਾਂ ਪਰਮਾਤਮਾ ਚੰਗੇ ਕੰਮ ਆਪਣੇ-ਆਪ ਹੀ ਕਰਵਾ ਲੈਂਦਾ ਹੈ। ਪਿਛਲੀਆਂ ਸਰਕਾਰਾਂ ਦੀ ਮਿਲੀਭੁਗਤ ਕਾਰਨ ਹਾਲੇ ਤੱਕ ਅਜਿਹਾ ਕੋਈ ਵੀ ਕਾਨੂੰਨ ਨਹੀਂ ਬਣ ਸਕਿਆ ਸੀ, ਜਿਸ ਨਾਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਮਿਲ ਸਕੇ। ਡਾ. ਚੱਬੇਵਾਲ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਕਿ ਸਾਡੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਸਾੜਦਾ, ਫਾੜਦਾ ਜਾਂ ਚੋਰੀ ਕਰਦਾ ਹੈ, ਇਲੈਕਟਰੋਨਿਕ ਮੀਡੀਆ ਰਾਹੀਂ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਉਸਦੇ ਅਜਿਹਾ ਕਰਨ ਦੀ ਕੋਸ਼ਿਸ਼ ਕਰਨ ’ਤੇ ਹੀ ਤਿੰਨ ਤੋਂ ਪੰਜ ਸਾਲ ਦੀ ਕੈਦ ਤੇ ਲਗਭਗ 3 ਲੱਖ ਦਾ ਜੁਰਮਾਨਾ ਹੋਵੇਗਾ ਤੇ ਬੇਅਦਬੀ ਕਰਨ ’ਤੇ ਸੱਤ ਤੋਂ 20 ਸਾਲ ਦੀ ਕੈਦ ਤੇ ਦੋ ਤੋਂ 10 ਲੱਖ ਰੁਪਏ ਜੁਰਮਾਨਾ ਲੱਗੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਤੇ ਇਹ ਕਾਨੂੰਨ ਲਾਗੂ ਹੋ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰੀ ਦੇਸ਼ ਦੁਨੀਆਂ ਵਿਚ ਪ੍ਰਕਾਸ਼ਿਤ ਹੁੰਦੇ ਹਨ ਤੇ ਸਾਨੂੰ ਸਭ ਨੂੰ ਰਲਮਿਲ ਕੇ ਬੇਅਦਬੀ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ।
ਸੂਬਾ ਸਰਕਾਰ ਦਾ ਉਪਰਾਲਾ ਸ਼ਲਾਘਾਯੋਗ : ਗੁਰਸ਼ਰਨ ਸਿੰਘ
ਸੂਬਾ ਸਰਕਾਰ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨ ਬਣਾਉਣ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਫਗਵਾੜਾ ਸ਼ਹਿਰ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਅਜ਼ਾਦ ਯੂਥ ਕਲੱਬ ਫਗਵਾੜਾ ਦੇ ਪ੍ਰਧਾਨ ਉੱਘੇ ਸਮਾਜ ਸੇਵਕ, ਸਿਖ ਆਗੂ ਗੁਰਸ਼ਰਨ ਸਿੰਘ ਨੇ ਸੂਬਾ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨਾ ਆਮ ਜਿਹੀ ਗੱਲ ਹੋ ਚੁੱਕੀ ਹੈ। ਇਸ ਕਾਨੂੰਨ ਦੇ ਬਣਨ ਨਾਲ ਜ਼ਰੂਰ ਲੋਕਾਂ ਵਿਚ ਕੁਝ ਡਰ ਭੈਅ ਪੈਦਾ ਹੋਵੇਗਾ ਤੇ ਲੋਕ ਅਜਿਹੇ ਨਿੰਦਨਯੋਗ ਕਾਰਜ ਕਰਨ ਤੋਂ ਪਰਹੇਜ਼ ਕਰਨਗੇ। ਪ੍ਰਧਾਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਸਾਰੇ ਹੀ ਧਰਮਾਂ ਦੇ ਲੋਕ ਬੜੇ ਹੀ ਪਿਆਰ-ਸਤਿਕਾਰ ਨਾਲ ਰਹਿੰਦੇ ਹਨ ਤੇ ਇਕ-ਦੂਸਰੇ ਦੇ ਤਿਉਹਾਰਾਂ ਵਿਚ ਸ਼ਮੂਲੀਅਤ ਕਰਕੇ ਮੇਲ ਮਿਲਾਪ ਨੂੰ ਵਧਾਵਾ ਦਿੰਦੇ ਹਨ ਪਰ ਇਸਦੇ ਬਾਵਜੂਦ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਲਈ ਧਾਰਮਿਕ ਗ੍ਰੰਥਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਹੁਣ ਸੂਬਾ ਸਰਕਾਰ ਵੱਲੋਂ ਬੇਅਦਬੀ ਕਰਨ ਵਾਲਿਆਂ ਖਿਲਾਫ ਬਣਾਏ ਜਾ ਰਹੇ ਸਖਤ ਕਾਨੂੰਨ ਨਾਲ ਧਰਮ ਪ੍ਰੇਮੀਆਂ ਨੂੰ ਜ਼ਰੂਰ ਰਾਹਤ ਮਹਿਸੂਸ ਹੋ ਰਹੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਬਣਾਇਆ ਇਹ ਕਾਨੂੰਨ ਸ਼ਲਾਘਾਯੋਗ ਹੈ।