ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ : ਰੰਧਾਵਾ
ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਅਕਾਲੀ ਦਲ ਪੀੜਤ ਪਰਿਵਾਰਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ-ਰੰਧਾਵਾ
Publish Date: Wed, 01 Apr 2026 07:27 PM (IST)
Updated Date: Wed, 01 Apr 2026 07:31 PM (IST)

-ਕਿਹਾ-ਗੈਂਗਸਟਰਾਂ ਵਲੋਂ ਜਬਰੀ ਵਸੂਲੀ ਦੀਆਂ ਘਟਨਾਵਾਂ ਵਧੀਆਂ, ਆਮ ਜਨਤਾ, ਕਾਰੋਬਾਰੀਆਂ ਤੇ ਉਦਯੋਗਪਤੀਆਂ ਅੰਦਰ ਡਰ ਦਾ ਮਾਹੌਲ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਪੰਜਾਬ ਚ ਲਗਾਤਾਰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਮੋਰਚਾ ਖੋਲ੍ਹ ਦਿੱਤਾ ਹੈ।ਇਸੇ ਸਬੰਧ ਵਿੱਚ ਅੱਜ ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ ਨੇ ਸੂਬਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਕੋਈ ਵੀ ਵਰਗ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਅਤੇ ਸਰਕਾਰ ਪ੍ਰਸ਼ਾਸਨਿਕ ਫੇਲ੍ਹ ਹੋਣ ਦਾ ਸਬੂਤ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾ ਘਟਨਾਵਾਂ ਨੇ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਅਤੇ ਸਿਆਸੀ ਦਬਾਅ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਡੀਐੱਮ ਰੰਧਾਵਾ ਦੀ ਖੁਦਖੁਸ਼ੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿਖੇਦੀ ਕਰਦਿਆਂ ਮੰਗ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਸਾਬਕਾ ਮੰਤਰੀ ਜਾਂ ਪ੍ਰਭਾਵਸ਼ਾਲੀ ਵਿਅਕਤੀ ਦਾ ਨਾਂ ਇਸ ਚ ਆਉਂਦਾ ਹੈ,ਤਾਂ ਉਸ ਨੂੰ ਕੋਈ ਵੀ ਆਈ. ਪੀ.ਟ੍ਰੀਟਮੈਂਟ ਨਹੀਂ ਮਿਲਣਾ ਚਾਹੀਦਾ।ਉਨ੍ਹਾਂ ਸਵਾਲ ਉਠਾਇਆ ਕਿ ਮੁੱਖ ਮੰਤਰੀ ਅਸਲ ਸੱਚਾਈ ਸਾਹਮਣੇ ਆਉਣ ਤੋਂ ਕਿਉਂ ਡਰ ਰਹੇ ਹਨ? ਰੰਧਾਵਾ ਨੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬੇਹੱਦ ਖਰਾਬ ਹੈ। ਸੂਬੇ ਅੰਦਰ ਗੈਗਸਟਰਾਂ ਵਲੋਂ ਜਬਰੀ ਵਸੂਲੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ,ਕਾਰੋਬਾਰੀਆਂ ਤੇ ਉਦਯੋਗਪਤੀਆਂ ਅੰਦਰ ਡਰ ਦਾ ਮਾਹੌਲ ਹੈ,ਬਹੁਤ ਸਾਰੇ ਕਾਰੋਬਾਰੀ ਆਪਣੇ ਕਾਰੋਬਾਰਾਂ ਨੂੰ ਸੀਮਤ ਕਰਨ ਜਾਂ ਦੂਜੇ ਸੂਬਿਆਂ ਵਿਚ ਜਾਣ ਬਾਰੇ ਵਿਚਾਰ ਕਰ ਰਹੇ ਹਨ,ਹਰ ਪੰਜਾਬ ਵਾਸੀ ਡਰ ਅਤੇ ਖੌਫ ਦੇ ਵਾਤਾਵਰਣ ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵੱਡੇ-ਵੱਡੇ ਵਾਅਦੇ ਅੱਜ ਤਕ ਅਧੂਰੇ ਪਏ ਹਨ,ਜਿਸ ਕਰ ਕੇ ਆਮ ਲੋਕਾਂ ਵਿਚ ਅਸੰਤੋਸ਼ ਸਰਬ ਦੀ ਭਾਵਨਾਂ ਵੱਧਦੀ ਜਾ ਰਹੀ ਹੈ। ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸਿਰਫ ਪ੍ਰਚਾਰ ਅਤੇ ਵਿਗਿਆਪਨਾਂ ਰਾਹੀਂ ਆਪਣੀ ਛਵੀ ਚਮਕਾਉਣ ਵਿਚ ਲੱਗੀ ਹੋਈ ਹੈ। ਵਿਕਾਸ ਕੰਮਾਂ ਦੀ ਰਫਤਾਰ ਬਹੁਤ ਮੱਧਮ ਹੋ ਚੁੱਕੀ ਹੋਈ ਹੈ,ਜਦਕਿ ਜ਼ਮੀਨੀ ਪੱਧਰ ਤੇ ਵਿਕਾਸ ਨਹੀਂ ਹੋ ਰਿਹਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਦੇਣਾ,ਉਦਯੋਗਾਂ ਨੂੰ ਉਤਸ਼ਾਹ ਦੇਣਾ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਵਰਗੇ ਮਹੱਤਵਪੂਰਨ ਮੁੱਦਿਆਂ ਤੇ ਸਰਕਾਰ ਲੋਕਾਂ ਦੀਆਂ ਉਮੀਦਾਂ ਅਨੁਸਾਰ ਨਤੀਜੇ ਦੇਣ ਵਿਚ ਨਾਕਾਮ ਰਹੀ ਹੈ। ਕਿਸਾਨ,ਮਜ਼ਦੂਰ ਅਤੇ ਛੋਟੇ ਵਪਾਰੀ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਪ੍ਰੇਸਾਨ ਹਨ ਪਰ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਪੰਜਾਬ ਵਿਚ ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਕੀਤਾ ਜਾਵੇਗਾ ਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ।