ਮੰਡ ਭੰਡਾਲ ਬੇਟ ਵਿਖੇ ਜ਼ਮੀਨਾਂ ਪੱਧਰੀਆਂ ਕਰਨ ਦੀ ਸੇਵਾ ਜਾਰੀ
ਮੰਡ ਭੰਡਾਲ ਬੇਟ ਵਿਖੇ ਜ਼ਮੀਨਾਂ ਪੱਧਰੀਆਂ ਕਰਨ ਦੀ ਸੇਵਾ ਲਗਾਤਾਰ ਜਾਰੀ
Publish Date: Mon, 09 Mar 2026 09:18 PM (IST)
Updated Date: Mon, 09 Mar 2026 09:21 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕੁਦਰਤੀ ਕਰੋਪੀ ਨਾਲ ਬੀਤੇ ਦਿਨੀਂ ਬਿਆਸ ਦਰਿਆ ਵਿਚ ਆਏ ਹੜ੍ਹ ਦੇ ਪਾਣੀ ਕਾਰਨ ਭੰਡਾਲ ਬੇਟ ਦੇ ਮੰਡ ਖੇਤਰ ਵਿਖੇ ਜ਼ਮੀਨਾਂ ਵਿਚ ਕਾਫ਼ੀ ਡੂੰਘੇ ਡੂੰਘੇ ਟੋਏ ਪੈ ਗਏ ਸਨ ਤੇ ਖੇਤਾਂ ਵਿਚ ਕਾਫ਼ੀ ਰੇਤਾ ਭਰ ਗਈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਬੀਜਣ ਵਿਚ ਕਾਫ਼ੀ ਮੁਸ਼ਕਿਲ ਆ ਰਹੀ ਸੀ। ਇਸ ਲਈ ਇਨ੍ਹਾਂ ਜ਼ਮੀਨਾਂ ਨੂੰ ਪੱਧਰੀਆਂ ਕਰਨ ਤੇ ਫ਼ਸਲ ਬੀਜਣ ਯੋਗ ਬਣਾਉਣ ਲਈ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਵੱਡੀ ਪੱਧਰ ’ਤੇ ਸੇਵਾ ਕਾਰਵਾਈ ਜਾ ਰਹੀ ਹੈ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮੱਲ ਵਾਲਾ ਨੇ ਕਿਹਾ ਕਿ ਬੀਤੇ ਸਮੇਂ ਹੜ੍ਹ ਆ ਜਾਣ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਦਰਿਆ ਦੀ ਭੇਟ ਚੜ ਗਈਆਂ ਸਨ ਤੇ ਉਨ੍ਹਾਂ ਨੂੰ ਵਾਹੀ ਯੋਗ ਬਣਾਉਣ ਲਈ ਸੰਤਾਂ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਜ਼ਮੀਨਾਂ ਪੱਧਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਸ ਕਾਰਜ ਵਿਚ ਸੇਵਾ ਨਿਭਾਉਣ ਵਾਲੇ ਸਾਰੇ ਹੀ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਨ੍ਹਾਂ ਨੇ ਵੀ ਇਸ ਮੁਸ਼ਕਲ ਸਮੇਂ ਦੌਰਾਨ ਇਕਜੁੱਟਤਾ ਨਾਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪੂਰਨ ਸਹਿਯੋਗ ਦਿੱਤਾ ਹੈ, ਗੁਰੂ ਪਾਤਸ਼ਾਹ ਉਨ੍ਹਾਂ ਨੂੰ ਹਮੇਸ਼ਾ ਤਰੱਕੀਆਂ ਬਖਸ਼ਿਸ਼ ਕਰਨ।