ਜਮੀਨੀ ਵਿਵਾਦ ਨੇ ਲਿਆ ਹਿੰਸਕ ਰੂਪ, ਦੋਹਾਂ ਧਿਰਾਂ ਵਿਚ ਝੜਪ, 3 ਜਖਮੀ ਸਿਵਲ ਹਸਪਤਾਲ ’ਚ ਦਾਖਲ

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਪਿੰਡ ਸਰਦੁੱਲਾਪੁਰ-ਭੀਮ ਕਦੀਮ ਹੱਦਬੰਦੀ ਨੇੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਣਾਅ ਉਸ ਸਮੇਂ ਹਿੰਸਕ ਝੜਪ ਵਿੱਚ ਬਦਲ ਗਿਆ, ਜਦੋਂ ਦੋਵੇਂ ਪਾਸਿਆਂ ਦੇ ਲੋਕ ਆਹਮੋ-ਸਾਹਮਣੇ ਹੋ ਗਏ। ਝਗੜੇ ਦੌਰਾਨ ਦੋਵੇਂ ਧਿਰਾਂ ਦੇ ਗੁਰਚਰਨ ਸਿੰਘ ਤੇ ਟੋਨੀ ਵਾਸੀ ਪਿੰਡ ਭੀਮ ਕਦੀਮ ਅਤੇ ਰਵਜੀਤ ਸਿੰਘ ਵਾਸੀ ਪਿੰਡ ਹਾਜ਼ੀਪੁਰ ਕੁੱਲ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਤਿੰਨੇ ਜ਼ਖ਼ਮੀ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਹਨ, ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ। ਸੂਤਰਾਂ ਅਨੁਸਾਰ ਦੋਵੇਂ ਧਿਰਾਂ ਵਿੱਚ ਕਾਫੀ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜੋ ਹਿੰਸਕ ਰੂਪ ਧਾਰ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ। ਇਸ ਸਬੰਧੀ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਪਹਿਲੀ ਧਿਰ ਦੇ ਗੁਰਚਰਨ ਸਿੰਘ ਵਾਸੀ ਪਿੰਡ ਭੀਮ ਕਦੀਮ ਦੇ ਪੁੱਤਰ ਮਨਦੀਪ ਸਿੰਘ ਮੁਤਬਿਕ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਰੀਬ 50 ਸਾਲਾਂ ਤੋਂ ਉਕਤ ਜ਼ਮੀਨ ’ਤੇ ਕਾਬਜ਼ ਅਤੇ ਖੁਦ ਕਾਸ਼ਤਕਾਰ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਵੱਲੋਂ ਕਈ ਦਰਖਾਸਤਾਂ ਦਿੱਤੀਆਂ ਗਈਆਂ ਸਨ, ਜਿਸ ਦੇ ਤਹਿਤ ਵੱਖ-ਵੱਖ ਮੋਹਤਬਰਾਂ ਦੀ ਹਾਜ਼ਰੀ ਵਿੱਚ ਕਈ ਪੰਚਾਇਤਾਂ ਵੀ ਹੋਈਆਂ। ਮਨਦੀਪ ਮੁਤਾਬਿਕ ਪੰਚਾਇਤਾਂ ਵਿਚ ਅਸੀਂ ਸਪੱਸ਼ਟ ਕਿਹਾ ਸੀ ਕਿ ਦੂਜੀ ਧਿਰ ਨਿਯਮਾਂ ਅਨੁਸਾਰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਏਗੀ ਅਤੇ ਜੇ ਨਿਸ਼ਾਨਦੇਹੀ ਤੋਂ ਬਾਅਦ ਕੋਈ ਜ਼ਮੀਨ ਉਨ੍ਹਾਂ ਦੇ ਹਿੱਸੇ ਵਿੱਚ ਆਉਂਦੀ ਹੈ ਤਾਂ ਉਹ ਬਿਨਾਂ ਕਿਸੇ ਵਿਰੋਧ ਦੇ ਉਹ ਜ਼ਮੀਨ ਛੱਡ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੱਡੀ ਗਿਣਤੀ ਚ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੂੰ ਲਿਆ ਕੇ ਜਿਨ੍ਹਾਂ ਕੋਲ ਤੇਜਧਾਰ ਹਥਿਆਰ ਅਤੇ ਮਾਰੂ ਹਥਿਆਰ ਵੀ ਸਨ, ਨੇ ਉਨ੍ਹਾਂ ਵੱਲੋਂ ਬੀਜੀ ਗਈ ਕਣਕ ਦੀ ਫਸਲ ਵੱਢਣ ਦੀ ਕੋਸ਼ਿਸ਼ ਕੀਤੀ ਅਤੇ ਜ਼ਮੀਨ ’ਤੇ ਜਬਰੀ ਕਬਜ਼ਾ ਕਰਨ ਲਈ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਸ ਦੇ ਪਿਤਾ ਤੇ ਹੋਰ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਵਿਰੋਧੀ ਧਿਰ ਵੱਲੋਂ ਜ਼ਮੀਨ ਦੇ ਦੁਆਲੇ ਮੋਰਚੇ ਬਣਾਏ ਗਏ ਸਨ ਤਾਂ ਜੋ ਮਾਹੌਲ ਖਰਾਬ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਗੋਲੀਬਾਰੀ ਦੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਜੋ ਵੀ ਕੀਤਾ ਹੈ ਉਹ ਦੂਜੀ ਧਿਰ ਨੇ ਖੁਦ ਹੀ ਕੀਤਾ ਹੈ।
ਇਸ ਸਬੰਧੀ ਦੂਜੀ ਧਿਰ ਤੋਂ ਸਿਵਿਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਵਜੀਤ ਸਿੰਘ ਵਾਸੀ ਪਿੰਡ ਹਾਜ਼ੀਪੁਰ ਦੇ ਪਿਤਾ ਹਰਜਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਸਾਡੀ ਜ਼ਮੀਨ ਸਰਦੁੱਲਾਪੁਰ ਵਿੱਚ ਪੈਂਦੀ ਹੈ। ਜੋ ਕਿ ਸਾਡੀ ਵਿਰਾਸਤੀ ਜ਼ਮੀਨ ਹੈ ਅਤੇ ਅਸੀਂ ਉੱਥੇ ਕਣਕ ਦੀ ਬਿਜਾਈ ਕੀਤੀ ਹੋਈ ਸੀ। ਜਦੋਂ ਅਸੀਂ ਆਪਣੀ ਜ਼ਮੀਨ ਵਿੱਚੋਂ ਕਣਕ ਵੱਢਣ ਲਈ ਗਏ ਤਾਂ ਦੂਜੀ ਧਿਰ ਵੱਲੋਂ ਸਾਡੇ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਵਿਚਾਲੇ ਉਨ੍ਹਾਂ ਵੱਲੋਂ ਸਾਡੇ ਉੱਤੇ ਫਾਇਰਿੰਗ ਵੀ ਕੀਤੀ ਗਈ। ਜਿਸ ਕਾਰਨ ਗੱਡੀ ਦਾ ਟਾਇਰ ਵੀ ਪੈਂਚਰ ਹੋ ਗਿਆ ਅਤੇ ਕੰਬਾਈਨ ਮਸ਼ੀਨ ਤੇ ਵੀ ਸ਼ਰਲੇ ਲੱਗੇ। ਇਨ੍ਹਾਂ ਨੇ ਟਰੈਕਟਰ ’ਤੇ ਬੈਠੇ ਉਸ ਦੇ ਬੇਟੇ ’ਤੇ ਵੀ ਹਮਲਾ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਉੱਤੇ ਵੀ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ। ਜੋ ਕਿ ਜ਼ਖ਼ਮੀ ਹਾਲਤ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਬਹੁਤ ਵੱਡੀ ਗਿਣਤੀ ਵਿੱਚ ਅਣਪਛਾਤੇ ਨੌਜਵਾਨ ਵੀ ਘਟਨਾ ਸਥਾਨ ’ਤੇ ਮੌਜੂਦ ਹਨ, ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਉਧਰ ਮਾਮਲੇ ਸਬੰਧੀ ਥਾਣਾ ਕਬੀਰਪੁਰ ਦੇ ਏਐੱਸਆਈ ਸਤਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਅਸੀਂ ਮੌਕੇ ’ਤੇ ਪਹੁੰਚ ਗਏ ਸੀ ਪਰ ਸਾਨੂੰ ਉੱਥੇ ਗੋਲੀ ਦਾ ਖੋਲ ਜਾਂ ਗੋਲੀ ਦੀ ਆਵਾਜ਼ ਸੁਣਾਈ ਦੇਣ ਦੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ। ਇਨ੍ਹਾਂ ਦੋਵੇਂ ਧਿਰਾਂ ਵਿਚਾਲੇ ਝਗੜਾ ਜ਼ਰੂਰ ਹੋਇਆ ਹੈ, ਜੋ ਕਿ ਕਣਕ ਵੱਢਣ ਨੂੰ ਲੈ ਕੇ ਹੋਇਆ ਹੈ। ਵਿਵਾਦ ਇਹ ਹੈ ਕਿ ਇਨ੍ਹਾਂ ਦੋਵੇਂ ਧਿਰਾਂ ਦਾ ਜ਼ਮੀਨੀ ਵਿਵਾਦ ਹੈ। ਮਾਮਲਾ ਪਹਿਲਾਂ ਵੀ ਥਾਣੇ ਪਹੁੰਚਿਆ ਸੀ ਦੋਵੇਂ ਧਿਰਾਂ ਵਿਚਾਲੇ ਮੋਹਤਬਰਾਂ ਵੱਲੋਂ ਗੱਲਬਾਤ ਕਰਵਾਈ ਗਈ ਸੀ। ਏਐੱਸਆਈ ਨੇ ਕਿਹਾ ਕਿ ਐੱਮਐੱਲਆਰ ਰਿਪੋਰਟਾਂ ਮਸੂਲ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਮਗਰੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।