ਐਮਰਜੈਂਸੀ ’ਚ ਮੁੱਢਲੇ ਇਲਾਜ ਦੀ ਜਾਣਕਾਰੀ ਨਾਲ ਬਚ ਸਕਦੀ ਹੈ ਜ਼ਿੰਦਗੀ : ਧੀਮਾਨ
ਐਮਰਜੈਂਸੀ ਸਥਿਤੀ ਵਿੱਚ ਪ੍ਰਾਥਮਿਕ ਇਲਾਜ ਦੀ ਜਾਣਕਾਰੀ ਨਾਲ ਅਨਮੋਲ ਜਿੰਦਗੀ ਬਚ ਸਕਦੀ ਹੈ : ਪ੍ਰਦੀਪ ਧੀਮਾਨ
Publish Date: Mon, 09 Mar 2026 07:40 PM (IST)
Updated Date: Mon, 09 Mar 2026 07:42 PM (IST)

ਫਗਵਾੜਾ : ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਤੇ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਫਗਵਾੜਾ ਵੱਲੋਂ ਐਮਰਜੈਂਸੀ ਮੈਡੀਕਲ ਸਹਾਇਤਾ ਵਾਲੀਆਂ ਸਥਿਤੀਆਂ ਵਿਚ ਜ਼ਿੰਦਗੀ ਬਚਾਉਣ ਲਈ ਮੁੱਢਲੀ ਜਾਣਕਾਰੀ ਦੇਣ ਦੇ ਉਦੇਸ਼ ਨਾਲ “ਬੇਸਿਕ ਲਾਈਫ ਸਪੋਰਟ” ਟ੍ਰੇਨਿੰਗ ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਸਭਾ ਤੇ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਅਗਵਾਈ ਹੇਠ ਕਰਵਾਇਆ ਗਿਆ। ਰਾਮਗੜ੍ਹੀਆ ਨਰਸਿੰਗ ਕਾਲਜ ਸਤਨਾਮਪੁਰਾ ਫਗਵਾੜਾ ਤੇ ਆਈਐੱਮਏ ਫਗਵਾੜਾ ਦੇ ਸਹਿਯੋਗ ਨਾਲ ਸ਼੍ਰੀ ਵਿਸ਼ਵਕਰਮਾ ਮੰਦਿਰ ਫਗਵਾੜਾ ਦੇ ਗੋਲਡਨ ਜੁਬਲੀ ਹਾਲ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਡਾ. ਮੁਕੇਸ਼ ਗੁਪਤਾ ਨੈਸ਼ਨਲ ਕੋਆਰਡੀਨੇਟਰ, ਆਈਆਰਆਈਏ ਬੇਸਿਕ ਲਾਈਫ ਸਪੋਰਟ ਦੇ ਨਾਲ ਨਾਲ ਡਾ. ਅਵਿਨਾਸ਼ ਸਿੰਘ ਚੌਹਾਨ (ਐੱਮਸੀਐੱਚ ਆਰਥੋ) ਨੇ ਹਾਜ਼ਰ ਲੋਕਾਂ ਨੂੰ ਐਮਰਜੈਂਸੀ ਸਥਿਤੀ ਦੌਰਾਨ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਤੇ ਮਰੀਜ਼ ਨੂੰ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰਦੀਪ ਧੀਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੜਕ ਹਾਦਸੇ, ਦਿਲ ਦਾ ਦੌਰਾ, ਸਾਹ ਰੁਕਣ ਜਾਂ ਅਚਾਨਕ ਕਿਸੇ ਹੋਰ ਸਿਹਤ ਸਬੰਧੀ ਸਮੱਸਿਆ ਹੋਣ ’ਤੇ ਜੇਕਰ ਆਸਪਾਸ ਮੌਜੂਦ ਲੋਕਾਂ ਨੂੰ ਮੁੱਢਲੇ ਇਲਾਜ ਤੇ ਬੇਸਿਕ ਲਾਈਫ ਸਪੋਰਟ ਦੀ ਜਾਣਕਾਰੀ ਹੋਵੇ ਤਾਂ ਸਮੇਂ ਸਿਰ ਕਿਸੇ ਦੀ ਅਨਮੋਲ ਜ਼ਿੰਦਗੀ ਬਚਾਈ ਜਾ ਸਕਦੀ ਹੈ। ਪ੍ਰੋਗਰਾਮ ਦੌਰਾਨ ਡੈਮੋ ਸਮੇਤ ਹੋਰ ਕਈ ਮਹੱਤਵਪੂਰਨ ਤੇ ਲਾਭਕਾਰੀ ਜਾਣਕਾਰੀਆਂ ਵੀ ਦਿੱਤੀਆਂ ਗਈਆਂ, ਜਿਨ੍ਹਾਂ ਦਾ ਜ਼ਰੂਰਤ ਪੈਣ ’ਤੇ ਐਮਰਜੈਂਸੀ ਸਮੇਂ ਠੀਕ ਤਰੀਕੇ ਨਾਲ ਪ੍ਰਯੋਗ ਕਰਕੇ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਟ੍ਰੇਨਿੰਗ ਪ੍ਰਾਪਤ ਕਰਨ ਵਾਲਿਆਂ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਅੰਤ ਵਿਚ ਪ੍ਰਧਾਨ ਪ੍ਰਦੀਪ ਧੀਮਾਨ ਨੂੰ ਜਨਹਿੱਤ ਵਿਚ ਕੀਤੇ ਗਏ ਇਸ ਉਪਰਾਲੇ ਲਈ ਸਨਮਾਨਿਤ ਵੀ ਕੀਤਾ ਗਿਆ। ਪ੍ਰਦੀਪ ਧੀਮਾਨ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਟਰੱਸਟ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ, ਸੁਰਿੰਦਰਪਾਲ ਧੀਮਾਨ, ਗੁਰਨਾਮ ਸਿੰਘ ਜੁਤਲਾ, ਅਮੋਲਕ ਸਿੰਘ ਝੀਤਾ, ਮਨਜਿੰਦਰ ਸਿੰਘ ਸਿਹਰਾ, ਡਾ. ਪ੍ਰਿਆ ਚੌਹਾਨ, ਡਾ. ਕੋਮਲ ਠਾਕੁਰ, ਡਾ. ਦੀਪਾ ਯਾਦਵ, ਸਰਬਜੀਤ ਸਿੰਘ ਸਿਆਣ, ਜਰਨੈਲ ਸਿੰਘ, ਸੁਖਜੀਤ ਸਿੰਘ ਬੰਸਲ, ਵਿਕਰਮ ਸਿੰਘ ਰੂਪਰਾਇ ਅਤੇ ਆਫਿਸ ਇੰਚਾਰਜ ਬਲਵਿੰਦਰ ਸਿੰਘ ਰਤਨ ਵੀ ਹਾਜ਼ਰ ਸਨ।