ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਸਮਰਥਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਫ੍ਰੀ ਟ੍ਰੇਡ ਸਮਝੌਤਿਆਂ ਖ਼ਿਲਾਫ਼ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦਾ ਸਮਰਥਨ
Publish Date: Tue, 10 Feb 2026 06:46 PM (IST)
Updated Date: Tue, 10 Feb 2026 06:47 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਭਾਰਤ ਸਰਕਾਰ ਵੱਲੋਂ ਅਮਰੀਕਾ ਸਮੇਤ ਹੋਰ ਦੇਸ਼ਾਂ ਨਾਲ ਕੀਤੇ ਗਏ ਕਰ-ਮੁਕਤ ਵਪਾਰ ਸਮਝੌਤਿਆਂ ਖ਼ਿਲਾਫ਼ ਦੇਸ਼ ਭਰ ਵਿਚ ਵਿਰੋਧ ਲਗਾਤਾਰ ਤੇਜ਼ ਹੋ ਰਿਹਾ ਹੈ। ਇਸੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਟ੍ਰੇਡ ਯੂਨੀਅਨਾਂ ਵੱਲੋਂ 12 ਫ਼ਰਵਰੀ ਨੂੰ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦਾ ਪੁਰਜ਼ੋਰ ਸਮਰਥਨ ਕੀਤਾ ਗਿਆ ਹੈ। ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ, ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ ਰਣਧੀਰ ਪੁਰ ਨੇ ਮੀਡੀਆ ਨੂੰ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਇਹ ਸਮਝੌਤੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਤੋੜਨ ਦੇ ਬਰਾਬਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੱਖੀ ਮੀਡੀਆ ਰਾਹੀਂ ਭਾਜਪਾ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੀ ਹੈ ਕਿ ਅਮਰੀਕਾ ਵੱਲੋਂ ਭਾਰਤ ਤੋਂ ਐਕਸਪੋਰਟ ਹੋਣ ਵਾਲੀਆਂ ਵਸਤਾਂ ਉੱਤੇ ਲੱਗਣ ਵਾਲਾ ਟੈਕਸ 50 ਫ਼ੀਸਦੀ ਤੋਂ ਘਟ ਕੇ 18 ਫ਼ੀਸਦੀ ਹੋ ਗਿਆ ਹੈ, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਦੱਸਿਆ ਕਿ ਟੈਰਿਫ ਵਾਰ (ਟੈਕਸ ਯੁੱਧ) ਦੌਰਾਨ ਅਮਰੀਕਾ ਨੇ ਭਾਰਤ ਸਮੇਤ ਕਈ ਦੇਸ਼ਾਂ ਉੱਤੇ ਟੈਕਸ 3 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਭਾਰਤ ਸਰਕਾਰ ਨੇ ਅਮਰੀਕਾ ਦੇ ਦਬਾਅ ਹੇਠ ਗੋਡੇ ਟੇਕ ਕੇ ਅਮਰੀਕੀ ਵਸਤਾਂ ਲਈ ਜ਼ੀਰੋ ਜਾਂ ਨਾਮਾਤਰ ਟੈਕਸ ਮਨਜ਼ੂਰ ਕਰ ਲਏ ਹਨ, ਜਿਸ ਦੇ ਬਦਲੇ ਅਮਰੀਕਾ ਨੇ ਟੈਕਸ 18 ਫ਼ੀਸਦੀ ਕਰ ਦਿੱਤਾ ਹੈ, ਜੋ ਕਿ ਪਹਿਲਾਂ ਦੇ 3 ਫ਼ੀਸਦੀ ਟੈਕਸ ਨਾਲੋਂ ਛੇ ਗੁਣਾ ਵੱਧ ਹੈ। ਆਗੂਆਂ ਨੇ ਕਿਹਾ ਕਿ ਅਮਰੀਕੀ ਖੇਤੀਬਾੜੀ ਮੰਤਰੀ ਦੇ ਸਕੱਤਰ ਤੇ ਰਾਸ਼ਟਰਪਤੀ ਟਰੰਪ ਵੱਲੋਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਹਨ ਕਿ ਭਾਰਤ ਨੇ ਅਮਰੀਕੀ ਖੇਤੀਬਾੜੀ ਉਤਪਾਦਾਂ ਲਈ ਆਪਣੀ ਮੰਡੀ ਖੋਲ੍ਹ ਦਿੱਤੀ ਹੈ। ਜਿਵੇਂ ਹੀ ਅਮਰੀਕੀ ਵਸਤਾਂ ਉੱਤੇ ਟੈਕਸ ਸਿਫ਼ਰ ਹੋਏ, ਦੇਸ਼ ਦੇ ਕਿਸਾਨਾਂ ਤੇ ਖੇਤੀਬਾੜੀ ਖੇਤਰ ਦੇ ਮਾੜੇ ਦਿਨ ਸ਼ੁਰੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਅਮਰੀਕਾ ਵਰਗੇ ਦੇਸ਼ਾਂ ਵਿਚ ਕਿਸਾਨਾਂ ਨੂੰ ਭਾਰੀ ਸਬਸਿਡੀਆਂ ਮਿਲਦੀਆਂ ਹਨ ਤੇ ਉੱਥੇ ਛੋਟੇ ਕਿਸਾਨਾਂ ਕੋਲ ਵੀ ਸੈਂਕੜੇ ਏਕੜ ਜ਼ਮੀਨ ਹੈ, ਜਦਕਿ ਭਾਰਤ ਵਿਚ 85 ਫ਼ੀਸਦੀ ਕਿਸਾਨਾਂ ਕੋਲ ਸਿਰਫ਼ 2.5 ਏਕੜ ਦੇ ਕਰੀਬ ਜ਼ਮੀਨ ਹੈ ਤੇ ਸਬਸਿਡੀਆਂ ਵੀ ਨਾਂਹ ਦੇ ਬਰਾਬਰ ਹਨ। ਅਜਿਹੀ ਗੈਰ-ਬਰਾਬਰ ਮੁਕਾਬਲੇਬਾਜ਼ੀ ਵਿਚ ਭਾਰਤੀ ਕਿਸਾਨ ਟਿਕ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ 18 ਫ਼ੀਸਦੀ ਟੈਕਸ ਕਾਰਨ ਭਾਰਤ ਤੋਂ ਅਮਰੀਕਾ ਐਕਸਪੋਰਟ ਹੋਣ ਵਾਲਾ ਸਮਾਨ ਬੰਗਲਾਦੇਸ਼, ਚੀਨ ਤੇ ਹੋਰ ਦੇਸ਼ਾਂ ਦੇ ਮੁਕਾਬਲੇ ਮਹਿੰਗਾ ਹੋ ਜਾਵੇਗਾ, ਜਿਸ ਨਾਲ ਭਾਰਤੀ ਵਪਾਰ, ਉਦਯੋਗ ਤੇ ਉਨ੍ਹਾਂ ਵਿਚ ਕੰਮ ਕਰਦੇ ਮਜ਼ਦੂਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਅੰਤ ਵਿਚ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਮਰੀਕੀ ਦਬਾਅ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਗਏ ਹਨ, ਜਿਸ ਖ਼ਿਲਾਫ਼ ਦੇਸ਼ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਭ ਕਿਸਾਨਾਂ, ਮਜ਼ਦੂਰਾਂ, ਟ੍ਰੇਡ ਯੂਨੀਅਨਾਂ, ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਸੰਘਰਸ਼ ਵਿਚ ਡਟ ਕੇ ਸਾਥ ਦੇਣ।