ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕੀਤਾ ਐੱਸਡੀਐੱਮ ਦਫ਼ਤਰ ਦਾ ਘਿਰਾਓ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਵਿਸ਼ਾਲ ਧਰਨਾ, ਐਸਡੀਐਮ ਦਫ਼ਤਰ ਦਾ ਘਿਰਾਓ ; 2 ਵਜੇ ਤੱਕ ਮੁਆਵਜ਼ੇ ਲਈ ਅਲਟੀਮੇਟਮ
Publish Date: Thu, 12 Feb 2026 08:14 PM (IST)
Updated Date: Thu, 12 Feb 2026 08:17 PM (IST)

ਕੈਪਸ਼ਨ: 12ਕੇਪੀਟੀ24 ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਅੱਜ ਸੁਲਤਾਨਪੁਰ ਲੋਧੀ ਵਿਚ ਹੜ੍ਹ ਪੀੜਤ ਕਿਸਾਨਾਂ ਦਾ ਗੁੱਸਾ ਉਸ ਵੇਲੇ ਫੁੱਟ ਪਿਆ ਜਦੋਂ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਐੱਸਡੀਐੱਮ ਦਫ਼ਤਰ ਅੱਗੇ ਵਿਸ਼ਾਲ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਦਫ਼ਤਰ ਦਾ ਘਿਰਾਓ ਕੀਤਾ। ਸਥਿਤੀ ਨੂੰ ਦੇਖਦੇ ਹੋਏ ਮੌਕੇ ‘ਤੇ ਭਾਰੀ ਪੁਲਿਸ ਬੰਦੋਬਸਤ ਕੀਤਾ ਗਿਆ। ਇਹ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਹੇਠ ਲਗਾਇਆ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਸਾਲ 2023 ਤੇ 2025 ਵਿਚ ਆਏ ਭਿਆਨਕ ਹੜ੍ਹਾਂ ਕਾਰਨ 150 ਤੋਂ ਵੱਧ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਪਰ ਸਰਕਾਰ ਵੱਲੋਂ ਅਜੇ ਤੱਕ ਇਕ ਰੁਪਏ ਦਾ ਵੀ ਮੁਆਵਜ਼ਾ ਜਾਰੀ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਸਿਰਫ਼ ਕਾਗਜ਼ੀ ਹਨ ਤੇ ਜ਼ਮੀਨੀ ਹਕੀਕਤ ਨਾਲ ਕੋਈ ਸਬੰਧ ਨਹੀਂ ਰੱਖਦੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੁਪਹਿਰ 2 ਵਜੇ ਤੱਕ ਮੁਆਵਜ਼ੇ ਸਬੰਧੀ ਲਿਖਤੀ ਭਰੋਸਾ ਨਾ ਦਿੱਤਾ ਗਿਆ ਤਾਂ ਪੂਰੇ ਪ੍ਰਸ਼ਾਸਨਿਕ ਅਮਲੇ ਨੂੰ ਨਜ਼ਰਬੰਦ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ਦੌਰਾਨ ਵੱਡੀ ਗਿਣਤੀ ਵਿਚ ਔਰਤਾਂ ਤੇ ਕਿਸਾਨ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਬੀਬੀ ਬੀਰ ਕੌਰ ਮਹੀਂਵਾਲ, ਚਰਨਜੀਤ ਕੌਰ, ਬਲਵਿੰਦਰ ਕੌਰ, ਮਨਪਰੀਤ ਕੌਰ, ਰਾਜਵਿੰਦਰ ਕੌਰ, ਲਖਵਿੰਦਰ ਕੌਰ, ਸਰਬਜੀਤ ਕੌਰ, ਜਸਵੀਰ ਕੌਰ, ਮਨਦੀਪ ਕੌਰ, ਸ਼ਿੰਦਰ ਕੌਰ, ਪਰਮਜੀਤ ਕੌਰ, ਰਾਜਵੀਰ ਕੌਰ ਅਤੇ ਪ੍ਰੀਤਮ ਕੌਰ ਸਮੇਤ ਕਈ ਮਹਿਲਾ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹੜ੍ਹਾਂ ਨੇ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ ਤੇ ਕਰਜ਼ੇ ਹੇਠ ਦੱਬੇ ਪਰਿਵਾਰ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ਜ਼ੋਨ ਨਡਾਲਾ ਪ੍ਰਧਾਨ ਨਿਸ਼ਾਨ ਸਿੰਘ, ਬਲਦੇਵ ਸਿੰਘ ਕੰਬੋਜ, ਗੱਗੀ ਹਮੀਰਾ, ਮੈਜਰ ਸਿੰਘ, ਤਰਸੇਮ ਸਿੰਘ ਤਲਵੰਡੀ ਚੋਧਰੀਆਂ, ਹਰਦੀਪ ਸਿੰਘ, ਅਮਰੀਕ ਸਿੰਘ ਬਾਊਪੁਰ, ਪਰਗਟ ਸਿੰਘ ਸੰਧੂ, ਗੁਰਸ਼ੇਵਕ ਸਿੰਘ ਸ਼ਿਵਦਿਆਲਪੁਰ, ਹਰਜਿੰਦਰ ਸਿੰਘ ਮਹੀਂਵਾਲ, ਦਿਲਬਾਗ ਸਿੰਘ, ਪ੍ਰਧਾਨ ਜੋਗਾ ਸਿੰਘ, ਮਹਿੰਦਰ ਸਿੰਘ, ਸੂਬਾ ਸਿੰਘ, ਸੁਖਵਿੰਦਰ ਸਿੰਘ ਮੋਮੀ, ਬਲਜਿੰਦਰ ਸਿੰਘ, ਹਰਜੀਤ ਸਿੰਘ ਸ਼ੇਰਪੁਰ ਸੱਧਾ, ਸੁਖਵਿੰਦਰ ਸਿੰਘ ਸੋਨੀ, ਜਗਤਾਰ ਸਿੰਘ ਸਰੂਪਵਾਲ, ਪ੍ਰਧਾਨ ਪਿਆਰਾ ਸਿੰਘ, ਮੁਖਤਿਆਰ ਸਿੰਘ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ ਵੀ ਮੌਜੂਦ ਰਹੇ। ਆਗੂਆਂ ਨੇ ਆਖ਼ਰ ‘ਚ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਹੁਣ ਵੀ ਹੜ੍ਹ ਪੀੜਤ ਕਿਸਾਨਾਂ ਦੀ ਪੀੜ ਨਾ ਸੁਣੀ ਤਾਂ ਇਹ ਸੰਘਰਸ਼ ਜ਼ਿਲ੍ਹਾ ਪੱਧਰ ਤੋਂ ਅੱਗੇ ਵੱਧ ਕੇ ਪੂਰੇ ਪੰਜਾਬ ਵਿਚ ਵੱਡੇ ਅੰਦੋਲਨ ਦਾ ਰੂਪ ਧਾਰਨ ਕਰ ਸਕਦਾ ਹੈ।