ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੋਗਾ ਰੈਲੀ ਦਾ ਕਰੇਗੀ ਵਿਰੋਧ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਦੀ ਕੋਰ ਕਮੇਟੀ ਮੀਟਿੰਗ, ਕਈ ਅਹਿਮ ਫ਼ੈਸਲੇ
Publish Date: Thu, 12 Mar 2026 09:33 PM (IST)
Updated Date: Thu, 12 Mar 2026 09:36 PM (IST)

14 ਮਾਰਚ ਨੂੰ ਪੁਤਲੇ ਫੂਕਣ ਦਾ ਐਲਾਨ, 19 ਮਾਰਚ ਦੇ ਧਰਨੇ ’ਚ ਸ਼ਮੂਲੀਅਤ ਦਾ ਫ਼ੈਸਲਾ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਪਿੰਡ ਉੱਚਾ ਵਿਖੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਪੰਨੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦੌਰਾਨ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ ਤੇ ਕਈ ਅਹਿਮ ਫ਼ੈਸਲੇ ਕੀਤੇ ਗਏ। ਮੀਟਿੰਗ ਵਿਚ ਮੰਗ ਕੀਤੀ ਗਈ ਕਿ ਜੀਂਦ ਵਿਚ ਕਿਸਾਨਾਂ ’ਤੇ ਲਾਠੀਚਾਰਜ ਕਰਵਾਉਣ ਵਾਲੀ ਅਧਿਕਾਰੀ ਜੋਤੀ ਯਾਦਵ ਤੇ ਉਸ ਦੇ ਸਹਾਇਕ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਕੇ ਜੇਲ੍ਹ ਵਿਚ ਬੰਦ ਕੀਤਾ ਜਾਵੇ ਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਤੋਂ ਇਲਾਵਾ ਫ਼ੈਸਲਾ ਕੀਤਾ ਗਿਆ ਕਿ ਪਿੰਡ ਪੱਧਰ ’ਤੇ ਲੱਗੇ ਚਿਪ ਵਾਲੇ ਬਿਜਲੀ ਮੀਟਰ ਉਤਾਰ ਕੇ ਬਿਜਲੀ ਦਫ਼ਤਰਾਂ ਵਿਚ ਜਮ੍ਹਾਂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਦੇ ਜਿਨ੍ਹਾਂ ਜ਼ੋਨਾਂ ਦੀਆਂ ਚੋਣਾਂ ਬਾਕੀ ਹਨ, ਉਹ ਜਲਦੀ ਕਰਵਾਈਆਂ ਜਾਣ ਤੇ ਬਾਅਦ ਵਿਚ ਅਪ੍ਰੈਲ ਮਹੀਨੇ ਦੌਰਾਨ ਜ਼ਿਲ੍ਹਾ ਪੱਧਰ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਇਸ ਮੌਕੇ 16 ਮਾਰਚ ਨੂੰ ਜ਼ੋਨ ਬੰਦਾ ਸਿੰਘ ਬਹਾਦਰ ਦੀ ਚੋਣ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ 14 ਮਾਰਚ ਨੂੰ ਅਮਿਤ ਸ਼ਾਹ ਦੀ ਮੋਗਾ ਰੈਲੀ ਦੇ ਵਿਰੋਧ ਵਜੋਂ ਜ਼ਿਲ੍ਹਾ ਕਪੂਰਥਲਾ ਵਿਚ ਸੁਲਤਾਨਪੁਰ ਲੋਧੀ, ਨਡਾਲਾ ਤੇ ਵਡਾਲਾ ਵਿਖੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 19 ਮਾਰਚ ਨੂੰ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ’ਤੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਡੀ.ਸੀ. ਦਫ਼ਤਰ ਦੇ ਬਾਹਰ ਲੱਗ ਰਹੇ ਧਰਨੇ ਵਿਚ ਵੀ ਜ਼ਿਲ੍ਹਾ ਕਪੂਰਥਲਾ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ, ਜ਼ੋਨ ਪ੍ਰਧਾਨ ਹਰਵਿੰਦਰ ਸਿੰਘ ਉੱਚਾ, ਹਰਜੀਤ ਸਿੰਘ, ਹਰਜਿੰਦਰ ਸਿੰਘ ਦੇਸਲ, ਜ਼ੋਨ ਪ੍ਰਧਾਨ ਪਿਆਰਾ ਸਿੰਘ, ਜ਼ੋਨ ਪ੍ਰਧਾਨ ਗੁਰਸੇਵਕ ਸਿੰਘ, ਖ਼ਜ਼ਾਨਚੀ ਪਰਗਟ ਸਿੰਘ ਸੰਧੂ, ਜ਼ੋਨ ਸੁਲਤਾਨਪੁਰ ਸਕੱਤਰ ਚੈਂਚਲ ਸਿੰਘ, ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ ਰਣਧੀਰਪੁਰ ਸਮੇਤ ਹੋਰ ਆਗੂ ਹਾਜ਼ਰ ਸਨ।