ਕਿਰਤੀ ਕਿਸਾਨ ਯੂਨੀਅਨ ਪੰਜਾਬ ਤੇ ਮਨਰੇਗਾ ਕਾਮਿਆਂ ਨੇ ਵੀਬੀ ਜੀਰਾਮ ਜੀ ਸਕੀਮ ਵਿਰੁੱਧ ਕੱਢਿਆ ਰੋਸ ਮਾਰਚ
ਕਿਰਤੀ ਕਿਸਾਨ ਯੂਨੀਅਨ ਪੰਜਾਬ ਤੇ ਮਨਰੇਗਾ ਕਾਮਿਆਂ ਨੇ ਵੀਬੀ ਜੀਰਾਮ ਜੀ ਸਕੀਮ ਵਿਰੁੱਧ ਕੱਢਿਆ ਰੋਸ ਮਾਰਚ
Publish Date: Wed, 07 Jan 2026 06:55 PM (IST)
Updated Date: Thu, 08 Jan 2026 04:09 AM (IST)

ਸਕੀਮ ਬਦਲਣ ਦੀ ਥਾਂ ਰੋਜ਼ਗਾਰ ਦਿਨ ਤੇ ਮਜ਼ਦੂਰੀ ਵਿਚ ਵਾਧਾ ਕਰੇ ਸਰਕਾਰ : ਆਗੂ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ, ਕਾਲਾ ਸੰਘਿਆਂ : ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆਂ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਤੇ ਇਲਾਕਾ ਕਮੇਟੀ ਕਾਲਾ ਸੰਘਿਆਂ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਕਾਲ਼ਾ ਸੰਘਿਆਂ ਵਿਖੇ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਸਕੀਮ ਦੇ ਬਦਲ ਚ ਲਿਆਂਦੀ ਜਾ ਰਹੀ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਅਜੀਵੀਕਾ ਮਿਸ਼ਨ ( ਵੀਬੀ ਜੀਰਾਮ ਜੀ ਸਕੀਮ) ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਗਿਆ। ਨੇੜਲੇ ਪਿੰਡਾਂ ਤੋਂ ਲੋਕਾਂ ਨੇ ਰੋਸ ਮਾਰਚ ਵਿੱਚ ਹਿੱਸਾ ਲਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਇਲਾਕਾ ਕਮੇਟੀ ਦੇ ਪ੍ਰਧਾਨ ਪਲਵਿੰਦਰ ਸਿੰਘ ਸੰਘਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਨਾਲ਼ ਹਮੇਸ਼ਾ ਤੋਂ ਮਤਰੇਆ ਸਲੂਕ ਕੀਤਾ ਜਾਂਦਾ ਹੈ ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਵਾਕਿਆ ਹੀ ਮਜ਼ਦੂਰਾਂ ਦਾ ਭਲਾ ਚਾਹੁੰਦੀ ਹੈ ਤਾਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕਰੇ ਅਤੇ ਕੰਮ ਦੇ ਦਿਨ ਵਧਾਵੇ ਸਕੀਮ ਦਾ ਨਾਂਅ ਬਦਲ ਕੇ ਲੋਕਾਂ ਨੂੰ ਮੂਰਖ ਨਾ ਬਣਾਵੇ। ਆਗੂਆਂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਨਰੇਗਾ ਸਕੀਮ ਦੇ ਬਦਲ ਵਾਲ਼ੀ ਸਕੀਮ ਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਸੋਧ ਬਿਲ, ਚਿੱਪ ਵਾਲੇ ਮੀਟਰ ਤੇ ਵੀਬੀ ਜੀਰਾਮ ਜੀ ਸਕੀਮ ਨੂੰ ਇਥੇ ਹੀ ਬੰਦ ਕਰੇ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਮੋਦੀ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾਉਣ ਲਈ ਮਜਬੂਰ ਹੋਣਗੀਆਂ। ਇਕੱਤਰ ਲੋਕਾਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਥਾਨਕ ਆਗੂ ਸਰਬਣ ਸਿੰਘ ਸੰਘਾ ਸਮੇਤ ਵੱਡੀ ਗਿਣਤੀ ਵਿੱਚ ਨੇੜਲੇ ਪਿੰਡਾਂ ਦੇ ਲੋਕ ਹਾਜ਼ਰ ਸਨ।