ਪੰਜਾਬ ’ਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ : ਕਾਲੀਆ
ਪੁਲਸ ਮੁਲਾਜ਼ਮਾਂ ਦਾ ਕਤਲ ਅਮਨ ਕਾਨੂੰਨ ਦੀ ਵਿਗੜੀ ਹਾਲਤ ਦੀ ਪੋਲ੍ਹ ਖੋਲਦਾ ਹੈ-ਕਾਲੀਆ
Publish Date: Thu, 26 Feb 2026 06:59 PM (IST)
Updated Date: Thu, 26 Feb 2026 07:01 PM (IST)

ਮਾਮਲੇ ਦੀ ਜਾਂਚ ਕੇਂਦਰੀ ਗ੍ਰਹਿ ਮੰਤਰਾਲਾ ਕਰੇ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਦੋਰਾਂਗਲਾ ਪੁਲਿਸ ਥਾਣੇ ਵਿਚ ਦੋ ਪੁਲਿਸ ਮੁਲਾਜ਼ਮਾਂ ਦੇ ਹੋਏ ਕਤਲ ਮਗਰੋਂ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕੀ ਹੈ, ਦੀ ਪੋਲ੍ਹ ਖੁੱਲ੍ਹ ਗਈ ਹੈ। ਪੰਜਾਬ ਵਿਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਹੁਣ ਨੈਤਿਕਤਾ ਦੇ ਆਧਾਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ਼ਿਵ ਸੈਨਾ ਦੇ ਸੂਬਾਈ ਆਗੂ ਓਮਕਾਰ ਕਾਲੀਆ ਨੇ ਅਮਨ ਕਾਨੂੰਨ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਕਰਵਾਈ ਜਾਵੇ ਤਾਂ ਜੋ ਮਾਮਲੇ ਦੀ ਅਸਲੀਅਤ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਜਿਸ ਰਾਜ ਵਿਚ ਪੰਜਾਬ ਪੁਲਸ ਦੇ ਜਵਾਨ ਹੀ ਸੁਰੱਖਿਅਤ ਨਹੀਂ ਹਨ, ਉਥੇ ਆਮ ਲੋਕਾਂ ਦੀ ਸੁਰੱਖਿਆ ਦਾ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਹਿਮ ਤੇ ਡਰ ਦੇ ਸਾਏ ਹੇਠ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਰਾਜ ਹੈ ਤੇ ਪੰਜਾਬ ਸਰਕਾਰ ਦਾ ਸਿਰਫ਼ ਫੌਕੀ ਬਿਆਨਬਾਜ਼ੀ ਕਰਨ ਵੱਲ ਧਿਆਨ ਹੈ। ਉਨ੍ਹਾਂ ਗੁਰਦਾਸਪੁਰ ਜ਼ਿਲੇ ਦੇ ਆਦੀਆਂ ਪਿੰਡ ਵਿਚ ਪੰਜਾਬ ਪੁਲਸ ਦੇ ਏਐੱਸਆਈ ਤੇ ਹੋਮਗਾਰਡ ਦੀ ਹੱਤਿਆ ਨੂੰ ਲੈ ਕੇ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਚੁੱਕੇ ਹਨ। ਕਾਲੀਆ ਨੇ ਕਿਹਾ ਕਿ ਇਹ ਘਟਨਾ ਬੇਹੱਦ ਸੰਵੇਦਨਸ਼ੀਲ ਤੇ ਚਿੰਤਾਜਨਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਚੁੱਕੀ ਹੈ ਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਅਨੁਸਾਰ ਗੈਂਗਸਟਰਾਂ, ਅਪਰਾਧੀ ਅਨਸਰਾਂ ਤੇ ਨਸ਼ਾ ਮਾਫੀਆ ਤੇ ਸਰਕਾਰ ਦਾ ਕੋਈ ਪ੍ਰਭਾਵੀ ਕੰਟਰੋਲ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਵਪਾਰੀ, ਉਦਯੋਗਪਤੀ, ਔਰਤਾਂ ਤੇ ਆਮ ਨਾਗਰਿਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ ਪਰ ਹੁਣ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਪੁਲਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਪੁਲਸ ਮੁਲਾਜ਼ਮਾਂ ਦੀ ਹੱਤਿਆ ਹੋਣਾ ਸੂਬੇ ਦੀ ਸੁਰੱਖਿਆ ਵਿਵਸਥਾ ’ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਅਪਰਾਧ ਤੇ ਨਸ਼ੇ ਖ਼ਿਲਾਫ਼ ਠੋਸ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਪ੍ਰਭਾਵੀ ਕਦਮ ਨਾ ਚੁੱਕੇ ਗਏ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਕਾਲੀਆ ਨੇ ਮ੍ਰਿਤਕ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।