‘ਖਾਲਸਾ ਵਹੀਰ’ ਬੰਦੀ ਸਿੰਘ ਰਿਹਾਈ ਮਾਰਚ 26 ਨੂੰ : ਭੰਡਾਲ
‘ਖਾਲਸਾ ਵਹੀਰ’ ਬੰਦੀ ਸਿੰਘ ਰਿਹਾਈ ਮਾਰਚ 26 ਨੂੰ : ਭੰਡਾਲ
Publish Date: Tue, 20 Jan 2026 08:48 PM (IST)
Updated Date: Tue, 20 Jan 2026 08:51 PM (IST)

ਸੰਗਤਾਂ ਟਰੈਕਟਰ, ਗੱਡੀਆਂ, ਮੋਟਰਸਾਈਕਲ ਲੈ ਵਹੀਰ ਵਿੱਚ ਹੋਣ ਸ਼ਾਮਲ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਸਜ਼ਾਵਾਂ ਪੂਰੀਆਂ ਕਰਕੇ ਲੰਮੇ ਸਮੇਂ ਤੋਂ ਜੇਲ੍ਹ ਵਿਚ ਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਸਾਥੀ ਤੇ ਖਾਲਸਾ ਵਹੀਰ ਕੱਢ ਕੁਰਾਹੇ ਪਈ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਛੁਡਾ ਖੰਡੇ ਬਾਟੇ ਦੀ ਪਾਹੁਲ ਛੱਕਣ ਲਈ ਪ੍ਰੇਰਿਤ ਕਰ ਰਹੇ ਨੌਜਵਾਨ ਆਗੂ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਬਰ ਪਾਰਲੀਮੈਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਾਥੀਆਂ ਸਮੇਤ ਐੱਨਐੱਸਏ ਲਾਕੇ ਡਿਬਰੂਗੜ੍ਹ ਆਸਾਮ ਦੀ ਜੇਲ੍ਹ ਵਿਚ ਬੰਦ ਕਰਨ ਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਝੂਠੇ ਮੁਕੱਦਮਿਆਂ ਵਿਚ ਬੰਦ ਨੌਜਵਾਨਾਂ ਦੀ ਰਿਹਾਈ ਲਈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ‘ਖਾਲਸਾ ਵਹੀਰ’ ਬੰਦੀ ਸਿੰਘ ਰਿਹਾਅ ਕਰੋ ਮਾਰਚ 26 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਸਟੇਟ ਗੁਰੂਦੁਆਰਾ ਤੋਂ ਆਰੰਭ ਹੋਵੇਗਾ, ਜੋ ਵੱਖ ਵੱਖ ਪਿੰਡਾਂ ਅੰਮ੍ਰਿਤਸਰ ਚੁੰਗੀ, ਨਵਾਂ ਪਿੰਡ ਭੱਠਾ, ਨਵਾਂ ਪਿੰਡ ਗੇਟਵਾਲਾ, ਨਾਨਕਪੁਰ, ਭਵਾਨੀਪੁਰ, ਪਰਵੇਜ਼ ਨਗਰ, ਅੱਡਨਾਵਾਲੀ ਅੱਡਾ, ਖੀਰਾਂਵਾਲੀ, ਉੱਚਾ ਬੇਟ, ਫੱਤੂਢੀਂਗਾ, ਮੁੰਡੀਮੋਰ, ਦੰਦੂਪੁਰ, ਨੱਥੂਪੁਰ, ਬੂੜੇਵਾਲ, ਸੁਜੋਕਾਲੀਆ, ਮੰਗੂਪੁਰ, ਨੂਰੋਵਾਲ, ਤਲਵੰਡੀ ਚੌਧਰੀਆਂ, ਪਮਨਾ, ਸ਼ਾਲਾ ਪੁਰ, ਸਵਾਲ, ਸਰਾਏ ਜੱਟਾਂ, ਮੇਵਾਸਿੰਘ ਵਾਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ-ਬੇਨਤੀਆਂ ਕਰਕੇ ਸਮਾਪਤ ਹੋਵੇਗਾ। ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਇਸ ਖ਼ਾਲਸਾ ਵਹੀਰ ਵਿਚ ਸੰਤ-ਮਹਾਂਪੁਰਸ਼ ਤੇ ਪੰਥਕ ਸ਼ਖਸ਼ੀਅਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿਚ ਸੰਤ ਬਾਬਾ ਲੀਡਰ ਸਿੰਘ ਜੀ ਗੁਰੂਸਰ ਸਾਹਿਬ ਸੈਫਲਾਬਾਦ ਵਾਲੇ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਮਹੰਤ ਮਹਾਤਮਾ ਮੁਨੀ ਜੀ ਖੈੜਾ ਬੇਟ ਵਾਲੇ, ਸੰਤ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ ਠੱਟਾ ਟਿੱਬਾ ਵਾਲੇ ਤੇ ਬਾਪੂ ਤਰਸੇਮ ਸਿੰਘ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਪਿਤਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਭੰਡਾਲ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਵਹੀਰ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ। ਵਹੀਰ ਵਿਚ ਬੀਕੇਯੂ ਡਕੌਂਦਾ, ਬੀਕੇਯੂ ਕਾਦੀਆਂ ਬਲਾਕ ਕਪੂਰਥਲਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਤੇ ਹੋਰ ਧਾਰਮਿਕ, ਸਮਾਜਿਕ ਜਥੇਬੰਦੀਆਂ ਸ਼ਾਮਲ ਹੋ ਰਹੀਆ ਹਨ। ਭੰਡਾਲ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਬੇਨਤੀ ਹੈ ਕਿ ਆਪੋ-ਆਪਣੇ ਪਿੰਡਾਂ ਦੇ ਪੜਾਅ ’ਤੇ ਵਹੀਰ ਦਾ ਸਵਾਗਤ ਕੀਤਾ ਜਾਵੇ ਤੇ ਸੰਗਤਾਂ ਟਰੈਕਟਰ, ਗੱਡੀਆਂ, ਮੋਟਰਸਾਈਕਲ ਲੈ ‘ਖਾਲਸਾ ਵਹੀਰ’ ਵਿਚ ਸ਼ਾਮਲ ਹੋਣ।