ਬੀਡੀਪੀਓ ਨਡਾਲਾ ਕੁਲਵਿੰਦਰ ਰੰਧਾਵਾ ਦਾ ਤੁਰੰਤ ਤਬਾਦਲਾ ਕੀਤਾ ਜਾਵੇ : ਖਹਿਰਾ
ਖਹਿਰਾ ਵੱਲੋਂ ਬੀਡੀਪੀਓ ਨਡਾਲਾ ਕੁਲਵਿੰਦਰ ਰੰਧਾਵਾ ਦੇ ਤੁਰੰਤ ਤਬਾਦਲੇ ਦੀ ਕੀਤੀ ਮੰਗ
Publish Date: Tue, 24 Feb 2026 08:41 PM (IST)
Updated Date: Tue, 24 Feb 2026 08:43 PM (IST)

ਸਿਆਸੀ ਦਬਾਅ ਹੇਠ ਗੈਰ-ਕਾਨੂੰਨੀ ਭੰਨ-ਤੋੜ ਦੇ ਲਗਾਏ ਦੋਸ਼ ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੀਡੀਪੀਓ ਨਡਾਲਾ ਕੁਲਵਿੰਦਰ ਰੰਧਾਵਾ ਦਾ ਕਪੂਰਥਲਾ ਜ਼ਿਲ੍ਹੇ ਤੋਂ ਤੁਰੰਤ ਤਬਾਦਲਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਅਫ਼ਸਰ ਨੇ ਬੀਤੇ ਦਿਨ ਉਨ੍ਹਾਂ ਦੀ ਰਾਮਗੜ੍ਹ ਵਿਖੇ ਪ੍ਰਾਪਰਟੀ ਦੀ ਬਿਨਾਂ ਨੋਟਿਸ ਤੇ ਬਿਨਾਂ ਸੁਣਵਾਈ ਦੇ ਗੈਰ-ਕਾਨੂੰਨੀ ਤੌਰ ‘ਤੇ ਭੰਨ-ਤੋੜ ਕਰਵਾਈ। ਖਹਿਰਾ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਕਾਨੂੰਨੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ ਤੇ ਉਨ੍ਹਾਂ ਦੇ ਮਲਕੀਅਤ ਸਬੰਧੀ ਦਸਤਾਵੇਜ਼ਾਂ ਦੀ ਕੋਈ ਜਾਂਚ ਜਾਂ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਰੰਧਾਵਾ ਦੀ ਇਮਾਨਦਾਰੀ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ ਹੈ। ਉਨ੍ਹਾਂ ਕਿਹਾ ਕਿ ਅਮਲੋਹ ਦੇ ਕਾਰਜਕਾਲ ਦੌਰਾਨ ਰੰਧਾਵਾ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ 40.85 ਲੱਖ ਰੁਪਏ ਦੇ ਕਥਿਤ ਘਪਲੇ ਸਬੰਧੀ ਮਾਮਲਾ ਨੰਬਰ 37, ਮਿਤੀ 09.08.2024, ਵਿਜੀਲੈਂਸ ਬਿਊਰੋ, ਪਟਿਆਲਾ) ਵਿਖੇ ਦਰਜ ਕੀਤਾ ਗਿਆ ਸੀ। ਖਹਿਰਾ ਨੇ ਕਿਹਾ ਕਿ ਜਦੋਂਕਿ ਸੱਤਾਧਾਰੀ ਪਾਰਟੀ ਦੇ ਇਕ ਵਿਧਾਇਕ ਵੱਲੋਂ ਵੀ ਇਸ ਅਧਿਕਾਰੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾ ਚੁੱਕੇ ਹਨ ਤੇ ਉਸ ਨੂੰ ਪਹਿਲਾਂ ਮੁਅੱਤਲ ਤੇ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ, ਤਾਂ ਅਜਿਹੇ ਅਧਿਕਾਰੀ ਤੋਂ ਨਿਰਪੱਖ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਭੰਨ-ਤੋੜ ਸਿਆਸੀ ਦਬਾਅ ਹੇਠ ਕੀਤੀ ਗਈ ਹੈ ਤੇ ਇਹ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਪ੍ਰਸ਼ਾਸਨਿਕ ਮਸ਼ੀਨਰੀ ਦੇ ਦੁਰਉਪਯੋਗ ਨੂੰ ਦਰਸਾਉਂਦੀ ਹੈ। ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਮੁੱਖ ਸਕੱਤਰ ਪੰਜਾਬ ਨੂੰ ਅਪੀਲ ਕੀਤੀ ਕਿ ਕੁਲਵਿੰਦਰ ਰੰਧਾਵਾ ਦਾ ਤੁਰੰਤ ਕਪੂਰਥਲਾ ਜ਼ਿਲ੍ਹੇ ਤੋਂ ਤਬਾਦਲਾ ਕੀਤਾ ਜਾਵੇ ਤੇ ਇਸ ਗੈਰ-ਕਾਨੂੰਨੀ ਭੰਨ-ਤੋੜ ਦੀ ਨਿਰਪੱਖ ਜਾਂਚ ਦੇ ਹੁਕਮ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨਿਕ ਜ਼ਬਰਦਸਤੀ ਤੇ ਸਿਆਸੀ ਬਦਲੇ ਦੀ ਕਾਰਵਾਈ ਦੇ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ ਤੇ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਕਾਨੂੰਨੀ ਤੇ ਸੰਵਿਧਾਨਕ ਬਦਲ ਅਪਣਾਉਣਗੇ। ਇਸ ਸਬੰਧੀ ਜਦੋਂ ਬੀਡੀਪੀਓ ਨਡਾਲਾ ਕੁਲਵਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਵਿਸ਼ੇ ’ਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦਾ।