ਕਪੂਰਥਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਦੀ ਕਾਰ ’ਤੇ ਹਮਲਾ
ਕਪੂਰਥਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਦੀ ਕਾਰ ’ਤੇ ਹਮਲਾ
Publish Date: Thu, 05 Feb 2026 07:50 PM (IST)
Updated Date: Thu, 05 Feb 2026 07:53 PM (IST)
ਪਹਿਲਾਂ ਵੀ ਕਈ ਵਾਰ ਹੋ ਚੁੱਕੇ ਹਨ ਹਮਲੇ
ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ਵਿਚ ਦੇਰ ਰਾਤ ਇਕ ਅਣਪਛਾਤੇ ਨੌਜਵਾਨ ਨੇ ਕਪੂਰਥਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਐਡਵੋਕੇਟ ਸੁਕੇਤ ਗੁਪਤਾ ਦੀ ਕਾਰ ਉੱਤੇ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਕਾਰ ਉਨ੍ਹਾਂ ਦਾ ਵੱਡਾ ਭਰਾ ਰੋਹਿਤ ਗੁਪਤਾ ਚਲਾ ਰਿਹਾ ਸੀ। ਜਾਣਕਾਰੀ ਅਨੁਸਾਰ ਜਦੋਂ ਰੋਹਿਤ ਗੁਪਤਾ ਰਾਤ 10.30 ਵਜੇ ਇਕ ਵਿਆਹ ਸਮਾਗਮ ਤੋਂ ਘਰ ਆ ਰਿਹਾ ਸੀ ਤਾਂ ਸ਼ਹੀਦ ਭਗਤ ਸਿੰਘ ਚੌਕ ਤੋਂ ਪਿੱਛਾ ਕਰ ਰਹੀ ਇਕ ਬਿਨਾਂ ਨੰਬਰ ਸਫ਼ੈਦ ਰੰਗ ਦੀ ਨਵੀਂ ਸਵਿਫ਼ਟ ਕਾਰ ਨੇ ਮਾਡਲ ਟਾਊਨ ਚੌਕ ਵਿਚ ਉਸ ਦੀ ਮਹਿੰਦਰਾ ਥਾਰ ਦੇ ਅੱਗੇ ਲਗਾ ਉਸ ਨੂੰ ਰੋਕਿਆ ਤੇ ਉਸ ’ਤੇ ਬੇਸਬੈਟ ਨਾਲ ਹਮਲਾ ਕਰਕੇ ਡਰਾਈਵਰ ਸਾਈਡ ਦੇ ਸ਼ੀਸ਼ੇ ਤੋੜ ਦਿੱਤੇ। ਰੌਲਾ ਸੁਣ ਕੇ ਜਿਵੇਂ ਹੀ ਆਸਪਾਸ ਦੇ ਲੋਕ ਇਕੱਠੇ ਹੋਏ ਤਾਂ ਸਵਿਫਟ ਕਾਰ ਦਾ ਚਾਲਕ ਉਥੋਂ ਭੱਜ ਗਿਆ। ਥਾਣਾ ਸਿਟੀ ਇੰਚਾਰਜ ਅਮਨ ਨਾਹਰ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਸੀਸੀਟੀਵੀ ਦੇਖ ਕੇ ਰੋਹਿਤ ਗੁਪਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਾ ਤਾਂ ਉਕਤ ਕਾਰ ਚਾਲਕ ਨੂੰ ਪਛਾਣਦਾ ਹੈ ਤੇ ਨਾ ਹੀ ਪਹਿਲਾਂ ਕਦੇ ਉਸ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਹਮਲਾਵਰ ਉਨ੍ਹਾਂ ਦੀ ਕਾਰ ਨੂੰ ਪਛਾਣਦਾ ਹੋਵੇਗਾ ਪਰ ਉਸ ਨੂੰ ਪਤਾ ਨਹੀਂ ਸੀ ਕਿ ਕਾਰ ਉਸ ਦਾ ਭਰਾ ਚਲਾ ਰਿਹਾ ਹੈ।
ਇਸ ਦੌਰਾਨ ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਰਾਜੂ, ਜਰਨਲ ਸਕੱਤਰ ਸੁਨੀਲ ਜੱਗੀ, ਸਰਪ੍ਰਸਤ ਬੀਐੱਨ ਗੁਪਤਾ, ਸੀਨੀਅਰ ਪੱਤਰਕਾਰ ਸਾਜਨ ਖੋਸਲਾ ਨੇ ਮੌਕੇ ’ਤੇ ਪਹੁੰਚ ਕੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਪ੍ਰਧਾਨ ਸੁਕੇਤ ਗੁਪਤਾ ਐਡਵੋਕੇਟ ਨੇ ਦੱਸਿਆ ਕਿ ਅਜਿਹਾ 5-6 ਵਾਰ ਹੋਇਆ ਹੈ, ਜਦੋਂ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਚੋਣਾਂ ਤੋਂ ਦੋ ਦਿਨ ਪਹਿਲਾਂ 18 ਫਰਵਰੀ 2022 ਨੂੰ ਉਸ 'ਤੇ ਹਮਲਾ ਹੋਇਆ ਸੀ, ਜਦੋਂ ਉਹ ਬੇਹੋਸ਼ ਹੋ ਗਿਆ ਸੀ ਤੇ ਉਸ ਸਮੇਂ ਦੇ ਵਧੀਕ ਐੱਸਐੱਚਓ ਹਰਜਿੰਦਰ ਸਿੰਘ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ। ਐੱਸਐੱਸਪੀ ਕੰਵਰਦੀਪ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਲਿਖਤੀ ਧਮਕੀ ਦਿੱਤੀ ਗਈ ਸੀ, ਉਦੋਂ ਵੀ ਕਪੂਰਥਲਾ ਪ੍ਰੈੱਸ ਕਲੱਬ ਨੂੰ ਸ਼ਿਕਾਇਤ ਦਿੱਤੀ ਸੀ। ਇਸੇ ਤਰ੍ਹਾਂ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ 'ਤੇ ਵੀ ਦੋ ਵਾਰ ਹਮਲਾ ਕਰਕੇ ਭੰਨ-ਤੋੜ ਕੀਤੀ ਗਈ। ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਐੱਸਐੱਸਪੀ ਕਪੂਰਥਲਾ ਤੋਂ ਮੰਗ ਕੀਤੀ ਹੈ ਕਿ ਪੱਤਰਕਾਰ ਦੇਸ਼ ਦਾ ਚੌਥਾ ਥੰਮ ਹਨ ਤੇ ਉਨ੍ਹਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣ।