ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ ; 5 ਪਿਸਤੌਲਾਂ ਸਮੇਤ 2 ਨੌਜਵਾਨ ਕਾਬੂ
ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ ; 5 ਪਿਸਤੌਲਾਂ ਸਮੇਤ 2 ਨੌਜਵਾਨ ਕਾਬੂ
Publish Date: Sun, 08 Mar 2026 09:43 PM (IST)
Updated Date: Sun, 08 Mar 2026 09:45 PM (IST)

ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਵਿਚ ਸੰਗਠਿਤ ਅਪਰਾਧਾਂ ’ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਯੂਕੇ, ਦੁਬਈ ਤੇ ਫਿਲੀਪੀਂਸ ਦੇ ਹੈਂਡਲਰਾਂ ਦੁਆਰਾ ਚਲਾਏ ਜਾਂਦੇ ਹਥਿਆਰਾਂ ਦੀ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਕ ਨਾਬਾਲਗ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਪੰਜ 7.65 ਐੱਮਐੱਮ ਦੇਸੀ ਪਿਸਤੌਲ, ਪੰਜ ਮੈਗਜ਼ੀਨ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਦੋਵੇਂ ਨੌਜਵਾਨ ਆਪਣੀ ਪਹਿਲੀ ਖੇਪ ਡਿਲੀਵਰੀ ਕਰਨ ਵਾਲੇ ਸਨ, ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ, ਦੋਵਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਇਕ ਮੁਲਜ਼ਮ ਨਾਬਾਲਗ ਹੈ ਤੇ ਦੂਜੇ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ, ਜੋ ਕਿ ਪਿੰਡ ਮਾਹਿਰਾਵਾਲਾ ਲੋਹੀਆਂ ਥਾਣਾ ਜਲੰਧਰ ਦਾ ਰਹਿਣ ਵਾਲਾ ਹੈ। ਥਾਣਾ ਸਦਰ ਵਿਖੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿੱਛ ਲਈ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਖੁਲਾਸਾ ਕੀਤਾ ਕਿ 2 ਮਾਰਚ ਨੂੰ ਪੁਲਿਸ ਸੁਪਰਡੈਂਟ ਗੁਰਪ੍ਰੀਤ ਸਿੰਘ ਤੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਐੱਨਡੀਪੀਐੱਸ) ਸੁਖਪਾਲ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਗਸ਼ਤ ਦੌਰਾਨ ਅਜੈ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਦੇ ਕਬਜ਼ੇ ਵਿਚੋਂ 7.65 ਐੱਮਐੱਮ ਪਿਸਤੌਲ ਬਰਾਮਦ ਕੀਤਾ। ਥਾਣਾ ਸਦਰ ਕਪੂਰਥਲਾ ਵਿਖੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ ਉਸਦੇ ਨਾਬਾਲਗ ਸਾਥੀ ਨੂੰ 3 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਤੋਂ ਚਾਰ 7.65 ਐੱਮਐੱਮ ਪਿਸਤੌਲ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਦੋਵੇਂ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਯੂਕੇ, ਦੁਬਈ ਤੇ ਫਿਲੀਪੀਂਸ ਵਿਚ ਹੈਂਡਲਰਾਂ ਦੇ ਸੰਪਰਕ ਵਿਚ ਆਏ ਸਨ। ਕਾਫ਼ੀ ਰਕਮ ਦੇ ਵਾਅਦੇ ਨਾਲ ਲਾਲਚ ਵਿਚ ਆ ਕੇ ਉਹ ਉਨ੍ਹਾਂ ਦੇ ਧੋਖੇ ਵਿਚ ਫਸ ਗਏ। ਉਨ੍ਹਾਂ ਨੇ ਮੱਧ ਪ੍ਰਦੇਸ਼ ਵਿਚ ਇਕ ਅਣਪਛਾਤੇ ਵਿਅਕਤੀ ਤੋਂ ਪੰਜ ਪਿਸਤੌਲ ਖਰੀਦਣ ਲਈ 87,000 ਖਰਚ ਕੀਤੇ। ਇਨ੍ਹਾਂ ਪਿਸਤੌਲਾਂ ਦੀ ਵਰਤੋਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਤੇ ਲੋਹੀਆਂ, ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਵਿਚ ਹੋਰ ਸਪਲਾਈ ਤੇ ਜਬਰੀ ਵਸੂਲੀ ਲਈ ਕੀਤੀ ਜਾਣੀ ਸੀ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ।