Kapurthala News : ਵਿਸਾਖੀ ਮੌਕੇ ਬਿਆਸ ਦਰਿਆ 'ਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬਣ ਨਾਲ ਮੌਤ
ਵਿਸਾਖੀ ਦੇ ਪਾਵਨ ਮੌਕੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬਣ ਕਾਰਨ ਦੁਖਦਾਈ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਪਿੰਡ ਬੁਤਾਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਗਹਿਰਾ ਸ਼ੋਕ ਪਸਰ ਗਿਆ ਹੈ।
Publish Date: Tue, 14 Apr 2026 08:23 PM (IST)
Updated Date: Tue, 14 Apr 2026 08:26 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ, ਨਡਾਲਾ : ਵਿਸਾਖੀ ਦੇ ਪਾਵਨ ਮੌਕੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬਣ ਕਾਰਨ ਦੁਖਦਾਈ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਪਿੰਡ ਬੁਤਾਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਗਹਿਰਾ ਸ਼ੋਕ ਪਸਰ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿਲਵਾਂ ਦੇ ਮੁੱਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਇਤਲਾਹ ਮਿਲੀ ਕਿ ਮੰਡ ਬੁਤਾਲਾ ਅਤੇ ਚੱਕੋਕੀ ਵਿਚਕਾਰ ਬਿਆਸ ਦਰਿਆ ਵਿੱਚ ਨਹਾਉਣ ਦੌਰਾਨ ਦੋ ਨੌਜਵਾਨ ਡੁੱਬ ਗਏ ਹਨ।
ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ਤੇ ਪਹੁੰਚੀ ਅਤੇ ਐਨਡੀਆਰਐਫ ਅਤੇ ਗੋਤਾਖੋਰਾਂ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ। ਬਚਾਅ ਟੀਮਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਲਗਭਗ ਸਾਢੇ ਤਿੰਨ ਘੰਟਿਆਂ ਬਾਅਦ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦਰਿਆ ਵਿਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਰਮਨਦੀਪ ਸਿੰਘ (22) ਪੁੱਤਰ ਬੂਟਾ ਸਿੰਘ ਅਤੇ ਗੁਰਦੇਵ ਸਿੰਘ (30) ਪੁੱਤਰ ਤਰਸੇਮ ਸਿੰਘ, ਵਾਸੀ ਪਿੰਡ ਬੁਤਾਲਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਦੋਵੇਂ ਆਪਸ ਵਿੱਚ ਚਾਚਾ-ਭਤੀਜਾ ਸਨ।
ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਥਾਣਾ ਮੁੱਖੀ ਨੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਮੌਕੇ ਦਰਿਆ ਜਾਂ ਹੋਰ ਡੂੰਘੇ ਪਾਣੀ ਵਾਲੀਆਂ ਥਾਵਾਂ ਤੇ ਨਹਾਉਣ ਤੋਂ ਗੁਰੇਜ਼ ਕੀਤਾ ਜਾਵੇ,ਤਾਂ ਜੋ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।
ਇਸ ਹਾਦਸੇ ਨਾਲ ਪਿੰਡ ਬੁਤਾਲਾ ਅਤੇ ਸਮੂਹ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।