ਨਿਗਮ ਵੱਲੋਂ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਯੋਜਨਾ ਹੋਈ ਠੁੱਸ
ਕਪੂਰਥਲਾ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਯੋਜਨਾ ਹੋਈ ਠੁੱਸ
Publish Date: Wed, 07 Jan 2026 07:41 PM (IST)
Updated Date: Thu, 08 Jan 2026 04:09 AM (IST)

--ਸ਼ਹਿਰ ’ਚ ਧੜੱਲੇ ਨਾਲ ਵਿਕਦੇ ਨੇ ਪਾਬੰਦੀਸ਼ੁਦਾ ਲਿਫ਼ਾਫ਼ੇ ਤੇ ਡਿਸਪੋਜ਼ਲ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ, ਕਪੂਰਥਲਾ : ਭਾਰਤ ਸਰਕਾਰ ਵੱਲੋਂ 1 ਜੁਲਾਈ 2022 ਤੋਂ ਦੇਸ਼ ਭਰ ’ਚ ਸਿੰਗਲ ਯੂਜ਼ ਪਲਾਸਟਿਕ ਦੇ ਲਿਫਾਫਿਆਂ ਅਤੇ ਥਰਮੋਕੋਲ ਮਟੀਰੀਅਲ ਨਾਲ ਬਣੇ ਡਿਸਪੋਜ਼ਲ ਸਾਮਾਨ ’ਤੇ ਪੂਰਨ ਪਾਬੰਦੀ ਲਾਈ ਹੋਈ ਹੈ ਪਰ ਇਸ ਪਾਬੰਦੀ ਦੇ ਕਰੀਬ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਪੂਰਥਲਾ ਜ਼ਿਲ੍ਹੇ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ ਤੇ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਕੁੰਭਕਰਨੀ ਨੀਂਦ ਸੁੱਤੇ ਮੂਕ ਦਰਸ਼ਕ ਬਣੀ ਬੈਠੇ ਹਨ । ਨਗਰ ਨਿਗਮ ਕਪੂਰਥਲਾ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਅਤੇ ਡਿਸਪੋਜ਼ਲ ਸਾਮਾਨ ਦੀ ਵਰਤੋਂ ਨੂੰ ਰੋਕਣ ਲਈ ਸਮੇਂ-ਸਮੇਂ ਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਪਰ ਇਹ ਮੁਹਿੰਮ ਵੀ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ। ਵਿਰਾਸਤੀ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਦਾ ਆਗਾਜ਼੍ ਕਰਦੇ ਹੋਏ ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਵੱਲੋਂ ਪਲਾਸਟਿਕ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਸਬੰਧੀ ਪ੍ਰਭਾਵਸ਼ਾਲੀ ਤਕਰੀਰਾਂ ਕਰਦੇ ਹੋਏ ਜਿਥੇ ਲੋਕਾਂ ਨੂੰ ਬੀਤੇ ਸਮਿਆਂ ਦੌਰਾਨ ਕੱਪੜੇ ਦੇ ਬੈਗ ਵਰਤਣ ਲਈ ਪ੍ਰੇਰਿਤ ਕੀਤਾ ਗਿਆ ਸੀ, ਉਥੇ ਨਗਰ ਨਿਗਮ ਦੇ ਅਮਲੇ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਨਿਗਮ ਵੱਲੋਂ ਭਵਿੱਖ ਦੀਆਂ ਉਲੀਕੀਆਂ ਗਈਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਤੇ ਪ੍ਰਦੂਸ਼ਣ ਸਬੰਧੀ ਜਾਣੂ ਕਰਵਾਉਂਦਿਆਂ ਲੋਕਾਂ ਨੂੰ ਕੱਪੜੇ ਦੇ ਬੈਗ ਵੰਡ ਕੇ ਪਲਾਸਟਿਕ ਲਿਫਾਫਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਨਗਰ ਨਿਗਮ ਕਪੂਰਥਲਾ ਦੇ ਕਰਮਚਾਰੀਆਂ ਵੱਲੋਂ ਇਕ ਮੁਹਿੰਮ ਚਲਾਉਂਦਿਆਂ ਬਾਜ਼ਾਰਾਂ ਵਿਚ ਭਲਵਾਨੀ ਗੇੜਾ ਮਾਰ ਕੇ ਚੰਦ ਦੁਕਾਨਾਂ ਤੋਂ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਸਨ। ਇਸ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਪਾਬੰਦੀਸ਼ੁਦਾ ਵਾਲੇ ਲਿਫਾਫੇ ਵੇਚਣਾ, ਭੰਡਾਰ ਕਰਨਾ ਅਤੇ ਇਸਦੀ ਵਰਤੋਂ ਕਰਨਾ ਜਾਰੀ ਹੈ। ਹੁਣ ਦੇਖਣਾ ਹੈ ਕਿ ਆਉਣ ਵਾਲੇ ਸਮੇਂ ’ਚ ਸਰਕਾਰ ਇਸ ਲਾਈ ਹੋਈ ਪਾਬੰਦੀ ਦਾ ਪਾਲਣ ਕਰਵਾਉਣ ਲਈ ਕੀ ਸਖਤੀ ਕਰਦੀ ਹੈ। -ਬਾਕਸ ਦੁਕਾਨਦਾਰ ਤੇ ਰੇਹੜੀ ਵਾਲੇ ਕਰਦੇ ਨੇ ਲਿਫ਼ਾਫ਼ਿਆਂ ਦੀ ਜ਼ਿਆਦਾ ਵਰਤੋਂ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਕੈਰੀ ਬੈਗ (ਲਿਫਾਫਿਆਂ) ’ਤੇ ਪੂਰਨ ਪਾਬੰਦੀ ਦਾ ਕਰੀਬ ਦੋ ਸਾਲ ਪਹਿਲਾਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਉਸ ਮੁਤਾਬਕ ਜੇਕਰ ਕੋਈ ਪਾਬੰਦੀਸ਼ੁਦਾ ਮਟੀਰੀਅਲ ਪ੍ਰਯੋਗ ਕਰਦਾ ਜਾਂ ਵੇਚਦਾ ਹੈ ਤਾਂ ਉਸਨੂੰ 5 ਸਾਲ ਤੱਕ ਦੀ ਕੈਦ ਜਾਂ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਇਕੋ ਵੇਲੇ ਦਿੱਤੀਆਂ ਜਾ ਸਕਦੀਆਂ ਹਨ ਪਰ ਇੰਝ ਲੱਗਦਾ ਜਿਵੇਂ ਲੋਕਾਂ ਨੂੰ ਸਰਕਾਰ ਵੱਲੋਂ ਐਲਾਨੀ ਸਜ਼ਾ ਦਾ ਕੋਈ ਡਰ ਨਹੀਂ। ਤਾਂ ਹੀ ਤਾਂ ਹਾਲੇ ਵੀ ਪਾਬੰਦੀਸ਼ੁਦਾ ਲਿਫਾਫੇ ਦੀ ਵਰਤੋਂ ਬਾਜ਼ਾਰਾਂ ’ਚ ਦੁਕਾਨਦਾਰ, ਰੇਹੜੀ ਤੇ ਫੜੀ ਵਾਲਿਆਂ ਵੱਲੋਂ ਸ਼ਰੇਆਮ ਧੜੱਲੇ ਨਾਲ ਸਭ ਤੋਂ ਵੱਧ ਕੀਤੀ ਜਾ ਰਹੀ ਹੈ, ਜਿਸਦਾ ਬੁਰਾ ਪ੍ਰਭਾਵ ਸਾਡੇ ਆਮ ਜੀਵਨ ਦੇ ਨਾਲ-ਨਾਲ ਵਾਤਾਵਰਣ ਤੇ ਵੀ ਪੈ ਰਿਹਾ ਹੈ। -ਬਾਕਸ ਸੀਵਰੇਜ ਜਾਮ ਤੇ ਗੰਦਗੀ ਫ਼ੈਲਾਉਣ ਦਾ ਬਣਦੇ ਕਾਰਨ ਪਲਾਸਟਿਕ ਦੇ ਲਿਫਾਫਿਆਂ ਦੇ ਜਿੱਥੇ ਬਹੁਤ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ ਉੱਥੇ ਹੀ ਇਹ ਲਿਫਾਫੇ ਸੀਵਰੇਜ ਜਾਮ ਦਾ ਮੁੱਖ ਕਾਰਨ ਹੁੰਦੇ ਹਨ, ਕਿਉਂਕਿ ਲੋਕਾਂ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਬਾਅਦ ਇਨ੍ਹਾਂ ਵਿਚ ਅਕਸਰ ਕੂੜਾ ਆਦਿ ਪਾ ਕੇ ਨਾਲੀਆਂ ’ਚ ਸੁੱਟ ਦਿੱਤਾ ਜਾਂਦਾ ਹੈ, ਜੋ ਅੱਗੇ ਜਾ ਕੇ ਸੀਵਰੇਜ ਜਾਮ ਦਾ ਕਾਰਨ ਬਣਦੇ ਹਨ। ਕਈ ਵਾਰ ਸੀਵਰੇਜ ਜਾਮ ਹੋਣ ਕਾਰਨ ਪਾਣੀ ਓਵਰਫਲੋ ਹੋ ਜਾਂਦਾ ਹੈ। ਫਿਰ ਹੌਲੀ-ਹੌਲੀ ਇਹ ਗੰਦਾ ਪਾਣੀ ਗਲੀ-ਮੁਹੱਲਿਆਂ ’ਚ ਸੜਕਾਂ ’ਤੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ। ਗੰਦੇ ਤੇ ਬਦਬੂਦਾਰ ਪਾਣੀ ਕਾਰਨ ਜਿਥੇ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ, ਉਥੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ’ਚ ਵੀ ਜ਼ਿਆਦਾਤਰ ਪਲਾਸਟਿਕ ਦੇ ਲਿਫਾਫੇ ਹੀ ਦਿਖਾਈ ਦਿੰਦੇ ਹਨ। -ਬਾਕਸ ਪਲਾਸਟਿਕ ਲਿਫਾਫੇ ਵਾਤਾਵਰਣ ਤੇ ਬੇਸਹਾਰਾ ਪਸ਼ੂਆਂ ਲਈ ਬੇਹੱਦ ਖ਼ਤਰਨਾਕ ਇਹ ਪਲਾਸਟਿਕ ਲਿਫਾਫੇ ਬੇਸਹਾਰਾ ਪਸ਼ੂਆਂ ਲਈ ਵੀ ਖਤਰਾ ਬਣ ਰਹੇ ਹਨ। ਲੋਕਾਂ ਵੱਲੋਂ ਸੜਕਾਂ ’ਤੇ ਸੁੱਟੇ ਪਲਾਸਟਿਕ ਦੇ ਲਿਫਾਫੇ ਜੇਕਰ ਪਸ਼ੂ ਖਾ ਜਾਣ ਤਾਂ ਉਨ੍ਹਾਂ ਦੀ ਸਿਹਤ ਖਰਾਬ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਵਾਤਾਵਰਣ ਨੂੰ ਦੂਸ਼ਿਤ ਕਰਨ ’ਚ ਵੀ ਪਲਾਸਟਿਕ ਦੇ ਸਾਮਾਨ ਦੀ ਅਹਿਮ ਭੂਮਿਕਾ ਹੁੰਦੀ ਹੈ, ਕਿਉਂਕਿ ਪਲਾਸਟਿਕ ਨੂੰ ਮਿੱਟੀ ’ਚ ਗਲਣ ਲਈ ਸੈਂਕੜੇ ਸਾਲ ਲੱਗ ਜਾਂਦੇ ਹਨ ਅਤੇ ਨਦੀ ਨਾਲਿਆਂ ’ਚ ਜਾ ਕੇ ਜਿੱਥੇ ਇਹ ਜੀਵ-ਜੰਤੂਆਂ ਦੀ ਮੌਤ ਦਾ ਕਾਰਨ ਬਣਦੇ ਹਨ, ਉਥੇ ਜੇਕਰ ਇਸ ਨੂੰ ਸਾੜ ਦਿੱਤਾ ਜਾਵੇ ਤਾਂ ਇਸ ਤੋਂ ਪੈਦਾ ਹੁੰਦਾ ਪ੍ਰਦੂਸ਼ਣ ਸਾਡੇ ਵਾਤਾਵਰਣ ਨੂੰ ਗੰਦਲਾ ਕਰਨ ਤੋਂ ਇਲਾਵਾ ਸਾਹ ਰਾਹੀਂ ਲੋਕਾਂ ਦੇ ਸਰੀਰਾਂ ’ਚ ਜਾਣ ਨਾਲ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। -ਬਾਕਸ ਲੋਕਾਂ ਨੂੰ ਜਾਗਰੂਕ ਕਰਨ ਦੀ ਸਖਤ ਲੋੜ ਸਿੰਗਲ ਯੂਜ਼ ਪਲਾਸਟਿਕ ਲਿਫਾਫਿਆਂ ਦੇ ਮਾੜੇ ਤੇ ਜਾਨਲੇਵਾ ਪ੍ਰਭਾਵਾਂ ਤੋਂ ਆਮ ਲੋਕਾਂ ਨੂੰ ਜਿਥੇ ਜਾਗਰੂਕ ਕਰਨ ਦੀ ਸਖਤ ਲੋੜ ਹੈ, ਉਥੇ ਸਕੂਲਾਂ ਵਿਚ ਸਵੇਰ ਦੀ ਪ੍ਰਾਰਥਨਾ ਸਭਾ ਮੌਕੇ ਵਿਦਿਆਰਥੀਆਂ ਨੂੰ ਵੀ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਇਸ ਮੁਹਿੰਮ ਦਾ ਘਰ-ਘਰ ਫੈਲਾਅ ਹੋ ਸਕੇ। ਇਨ੍ਹਾਂ ਪਲਾਸਟਿਕ ਲਿਫਾਫਿਆਂ ਨੂੰ ਖਾ ਕੇ ਜਿਥੇ ਬੇਸਹਾਰਾ ਪਸ਼ੂ ਮਰ ਜਾਂਦੇ ਹਨ ਉਥੇ ਹੀ ਪੰਛੀਆਂ ਦੀਆਂ ਪ੍ਰਜਾਤੀਆਂ ਵੀ ਇਸ ਪ੍ਰਦੂਸ਼ਿਤ ਵਾਤਾਵਰਣ ਕਾਰਨ ਅਲੋਪ ਹੋ ਚੁੱਕੀਆਂ ਹਨ। ਕਈ ਬੀਮਾਰੀਆਂ ਦਾ ਮੁੱਖ ਕਾਰਨ ਵੀ ਇਹ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤਾਂ ਹਨ ਕਿਉਂਕਿ ਖਾਦ ਪਦਾਰਥਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾਉਣ ਨਾਲ ਬੁਰਾ ਅਸਰ ਪੈਂਦਾ ਹੈ। -ਬਾਕਸ ਦੁਕਾਨਦਾਰਾਂ ਦਾ ਕਹਿਣਾ ਹੋਰ ਬਦਲ ਬਹੁਤ ਮਹਿੰਗੇ ਇਸ ਸਬੰਧੀ ਸ਼ਹਿਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬਾਇਓ ਡਿਗਰੇਡ ਜਾਂ ਕੱਪੜੇ ਵਾਲੇ ਲਿਫਾਫੇ ਦੇ ਭਾਅ ਬਹੁਤ ਮਹਿੰਗੇ ਹਨ। ਉਕਤ 1 ਕਿਲੋ ਵਾਲੇ ਲਿਫਾਫੇ 2 ਰੁਪਏ ਤੋਂ ਲੈ ਕੇ 3 ਰੁਪਏ ਪ੍ਰਤੀ ਲਿਫਾਫਾ ਪੈਂਦਾ ਹੈ, ਜਦਕਿ ਪਲਾਸਟਿਕ ਦਾ ਲਿਫਾਫਾ ਸਿਰਫ 20-30 ਪੈਸੇ ’ਚ ਉਨ੍ਹਾਂ ਨੂੰ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਾਇਓ ਡਿਗਰੇਡ ਦਾ ਲਿਫਾਫਾ ਕੁਝ ਸਮੇਂ ਬਾਅਦ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ। ਜਿਸ ਨਾਲ ਦੁਕਾਨਦਾਰਾਂ ਨੂੰ ਨੁਕਸਾਨ ਵੀ ਪਹੁੰਚ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਧਿਆਨ ’ਚ ਰੱਖਦਿਆਂ ਕੋਈ ਯੋਗ ਬਦਲ ਲੱਭਿਆ ਜਾਵੇ ਤਾਂ ਜੋ ਵਾਤਾਵਰਣ ਨੂੰ ਬਚਾਉਣ ਲਈ ਸਾਰਿਆਂ ਦਾ ਸਹਿਯੋਗ ਮਿਲ ਸਕੇ। -ਬਾਕਸ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ’ਚ ਸ਼ਹਿਰ ਵਾਸੀ ਵੀ ਕਰਨ ਸਹਿਯੋਗ : ਅਨਪੁਮ ਕਲੇਰ ਇਸ ਸਬੰਧ ਵਿਚ ਜਦੋਂ ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਮੇਂ-ਸਮੇਂ ’ਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਇਸਦੇ ਬਾਵਜੂਦ ਵੀ ਲੋਕਾਂ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ। ਕਮਿਸ਼ਨਰ ਅਨੁਪਮ ਕਲੇਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਚੈਕਿੰਗ ਮੁਹਿੰਮ ਚਲਾਉਂਦੇ ਹੋਏ ਕਈ ਦੁਕਾਨਦਾਰਾਂ ਦੇ ਚਲਾਨ ਕਰਦੇ ਹੋਏ ਵੱਡੀ ਮਾਤਰਾ ਵਿਚ ਪਲਾਸਟਿਕ ਦੇ ਲਿਫਾਫੇ ਵੀ ਜ਼ਬਤ ਕੀਤੇ ਜਾਂਦੇ ਹਨ ਅਤੇ ਆਉਂਣ ਵਾਲੇ ਦਿਨਾਂ ਵਿਚ ਵੀ ਨਗਰ ਨਿਗਮ ਵੱਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜੇਕਰ ਕੋਈ ਦੁਕਾਨਦਾਰ, ਰੇਹੜੀ ਜਾਂ ਫੜ੍ਹੀ ਵਾਲਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਦਾ ਹੈ ਤਾਂ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।