ਕਪੂਰਥਲਾ ਵਿਰਾਸਤੀ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਕਪੂਰਥਲਾ ਵਿਰਾਸਤੀ ਮੇਲਾ 2026 ਸ਼ਾਨੋ ਸ਼ੌਕਤ ਨਾਲ ਸ਼ੁਰੂ
Publish Date: Fri, 20 Mar 2026 09:45 PM (IST)
Updated Date: Fri, 20 Mar 2026 09:46 PM (IST)

--ਗਾਇਕ ਸਿਕੰਦਰ ਸਲੀਮ ਨੇ ਦਿੱਤੀ ਪੇਸ਼ਕਾਰੀ ਅਮਰੀਕ ਸਿੰਘ ਮੱਲ੍ਹੀ\ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਵਿਰਾਸਤੀ ਮੇਲਾ 2026 ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਮੇਲੇ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਐੱਸਐੱਸਪੀ ਗੌਰਵ ਤੂਰਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰਨ ਦੇ ਮਕਸਦ ਨਾਲ ਕਰਵਾਇਆ ਜਾ ਰਿਹਾ ਕਪੂਰਥਲਾ ਵਿਰਾਸਤੀ ਮੇਲਾ 2026 ਰਾਹ ਦਸੇਰਾ ਸਾਬਿਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਪੂਰਥਲਾ ਜੋ ਕਿ ਪੰਜਾਬ ਦੇ ਪੈਰਿਸ ਵਜੋਂ ਪ੍ਰਸਿੱਧ ਹੈ, ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਵਿਰਾਸਤੀ ਮੇਲੇ ਦੌਰਾਨ ਗਾਇਕ ਸਿਕੰਦਰ ਸਲੀਮ ਨੇ ਆਪਣੀ ਕਲਾ ਦੇ ਜਲਵੇ ਬਿਖੇਰੇ। ਮੇਲੇ ਵਿਚ ਹੋਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਹਿੰਦੂ ਕੰਨਿਆ ਕਾਲਜ, ਲਾਇਲਪੁਰ ਖਾਲਸਾ ਕਾਲਜ, ਜੀਐੱਨਏ ਯੂਨੀਵਰਸਿਟੀ ਤੇ ਤਾਈ ਜਗੀਰੋ ਵੱਲੋਂ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਸਰਬਜੀਤ ਸਿੰਘ ਲੁਬਾਣਾ, ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ਼ਿਖਾ ਭਗਤ, ਸਾਇੰਸ ਟੈਕਨਾਲੌਜੀ ਬੋਰਡ ਦੇ ਮੈਂਬਰ ਕੰਵਰ ਇਕਬਾਲ ਸਿੰਘ ਤੇ ਦਰਸ਼ਕ ਹਾਜ਼ਰ ਸਨ।