ਰਾਹੁਲ ਦੀ ਬਰਨਾਲਾ ਰੈਲੀ ‘ਚ ਵਧ-ਚੜ੍ਹ ਕੇ ਸ਼ਾਮਲ ਹੋਣਗੇ ਜ਼ਿਲ੍ਹੇ ਭਰ ਦੇ ਕਾਂਗਰਸੀ : ਧਾਲੀਵਾਲ
ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ‘ਚ ਵਧ-ਚੜ੍ਹ ਕੇ ਸ਼ਾਮਲ ਹੋਣਗੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਦੇ ਵਰਕਰ : ਧਾਲੀਵਾਲ
Publish Date: Thu, 26 Feb 2026 06:55 PM (IST)
Updated Date: Thu, 26 Feb 2026 06:58 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਲੋਕਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ 28 ਫਰਵਰੀ ਨੂੰ ਪੰਜਾਬ ਦੇ ਬਰਨਾਲਾ ਵਿਚ ਹੋਣ ਵਾਲੀ ਵਿਸ਼ਾਲ ਰੈਲੀ ਨੂੰ ਇਤਿਹਾਸਕ ਬਣਾਉਣ ਦੇ ਉਦੇਸ਼ ਨਾਲ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਸਕੱਤਰ, ਪੰਜਾਬ ਅਫੇਅਰਸ, ਸੂਰਜ ਸਿੰਘ ਠਾਕੁਰ ਨੇ ਅੱਜ ਫਗਵਾੜਾ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਸਥਾਨਕ ਐੱਨਵਾਈਆਰ ਹੋਟਲ ਵਿਚ ਜ਼ਿਲ੍ਹਾ ਕਪੂਰਥਲਾ ਕਾਂਗਰਸ ਦੇ ਸੀਨੀਅਰ ਅਹੁਦੇਦਾਰਾਂ ਤੇ ਵਰਕਰਾਂ ਦੇ ਨਾਲ ਇਕ ਅਹਿਮ ਮੀਟਿੰਗ ਦੌਰਾਨ ਰੈਲੀ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਰਜ ਸਿੰਘ ਠਾਕੁਰ ਨੇ ਕਿਹਾ ਕਿ ਬਰਨਾਲਾ ਦੀ ਰੈਲੀ ਸਿਰਫ਼ ਇਕ ਸਿਆਸੀ ਪ੍ਰੋਗਰਾਮ ਨਹੀਂ, ਪੂਰੇ ਪੰਜਾਬ ਦੀ ਆਵਾਜ਼ ਬੁਲੰਦ ਕਰਨ ਦਾ ਮੰਚ ਬਣੇਗਾ ਤਾਂ ਜੋ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਜਾ ਸਕੇ। ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਫਗਵਾੜਾ ਤੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਭਰੋਸਾ ਦਿੱਤਾ ਕਿ ਜ਼ਿਲ੍ਹੇ ਦੇ ਹਰ ਬਲਾਕ ਤੋਂ ਵੱਡਾ ਜੱਥਾ ਰੈਲੀ ਵਿਚ ਸ਼ਾਮਲ ਹੋਣ ਲਈ ਬਰਨਾਲਾ ਪਹੁੰਚੇਗਾ। ਧਾਲੀਵਾਲ ਨੇ ਕਿਹਾ ਕਿ ਅੱਜ ਪੰਜਾਬ ’ਚ ਲੋਕ ਹਿਤਾਂ ਦੀ ਅਨਦੇਖੀ ਕੀਤੀ ਜਾ ਰਹੀ ਹੈ। ਵਿਰੋਧੀ ਧਿਰਾਂ ਦੇ ਆਗੂਆਂ ਨਾਲ ਸਰੇਆਮ ਧੱਕੇਸ਼ਾਹੀ ਹੋ ਰਹੀ ਹੈ ਤੇ ਕਿਸਾਨਾਂ, ਨੌਜਵਾਨ ਤੇ ਵਪਾਰੀਆਂ ਦੇ ਮਸਲਿਆਂ ਨੂੰ ਹਲ ਨਹੀਂ ਕੀਤਾ ਜਾ ਰਿਹਾ। ਇਸ ਲਈ ਰਾਹੁਲ ਗਾਂਧੀ ਦੀ ਰੈਲੀ ਪ੍ਰਦੇਸ਼ ਦੀ ਨਿਰਾਸ਼ਾ ਤੇ ਹਤਾਸ਼ ਲੋਕਾਂ ਵਿਚ ਨਵੀਂ ਉਮੀਦ ਦੀ ਕਿਰਨ ਜਗਾਏਗੀ। ਮੀਟਿੰਗ ’ਚ ਮੌਜੂਦ ਸਮੂਹ ਕਾਂਗਰਸ ਅਹੁਦੇਦਾਰਾਂ ਨੇ ਵੀ ਹੱਥ ਉੱਚੇ ਕਰਕੇ ਭਰੋਸਾ ਦਿੱਤਾ ਕਿ 28 ਫਰਵਰੀ ਨੂੰ ਬਰਨਾਲਾ ’ਚ ਵੱਡੇ ਜੱਥੇ ਲੈ ਕੇ ਪਹੁੰਚਣਗੇ ਤੇ ਰੈਲੀ ਨੂੰ ਕਾਮਯਾਬ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਇਹ ਰੈਲੀ ਸੂਬੇ ਦੀ ਬੇਲਗਾਮ ਭਗਵੰਤ ਮਾਨ ਸਰਕਾਰ ਵਿਰੁੱਧ ਜਨਮਤ ਤਿਆਰ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਜਨਤਾ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਚੇਤਾਵਨੀ ਹੋਵੇਗੀ। ਇਸ ਮੌਕੇ ਕਾਂਗਰਸ ਐੱਸਸੀ ਸੈਲ, ਬੀਸੀ ਸੈੱਲ, ਸ਼ਹਿਰੀ ਤੇ ਦੇਹਾਤੀ, ਮਹਿਲਾ ਵਿੰਗ ਤੇ ਸੇਵਾ ਦਲ ਦੇ ਅਹੁਦੇਦਾਰਾਂ ਸਮੇਤ ਨਗਰ ਕੌਂਸਲਰ, ਪਿੰਡਾਂ ਦੇ ਸਰਪੰਚ, ਪੰਚ ਨੰਬਰਦਾਰ ਤੇ ਵੱਡੀ ਗਿਣਤੀ ਵਿਚ ਸੀਨੀਅਰ ਕਾਂਗਰਸ ਆਗੂ ਹਾਜ਼ਰ ਸਨ।