ਕਮਲਾ ਨਹਿਰੂ ਪਬਲਿਕ ਸਕੂਲ ’ਚ ਐਲੁਮਨੀ ਮੀਟ
ਕਮਲਾ ਨਹਿਰੂ ਪਬਲਿਕ ਸਕੂਲ ਐਲੁਮਨੀ ਮੀਟ 2026 ਦਾ ਆਯੋਜਨ
Publish Date: Tue, 13 Jan 2026 07:18 PM (IST)
Updated Date: Tue, 13 Jan 2026 07:21 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ, ਫਗਵਾੜਾ ਵਿਚ ਐਲੂਮਨੀ ਮੀਟ ਦਾ ਇਤਿਹਾਸਕ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਦੁਬਈ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ 92 ਪੁਰਾਣੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। 2007 ਵਿਚ ਸਥਾਪਿਤ ਇਸ ਸੰਸਥਾ ਨੇ ਇਕ ਵਾਰ ਫਿਰ ਆਪਣੀ ਲਗਾਤਾਰ ਵੱਧ ਰਹੀ ਐਲੁਮਨੀ ਪਰਿਵਾਰ ਦੀ ਮਜ਼ਬੂਤ ਡੋਰ ਅਤੇ ਪੀੜ੍ਹੀਆਂ ਨੂੰ ਜੋੜਨ ਵਾਲੇ ਅਟੁੱਟ ਰਿਸ਼ਤਿਆਂ ਨੂੰ ਸਾਕਾਰ ਕਰ ਦਿੱਤਾ। ਸਕੂਲ ਕੈਂਪਸ ਖੁਸ਼ੀਆਂ, ਗਰਮਜੋਸ਼ੀ ਅਤੇ ਯਾਦਾਂ ਨਾਲ ਮਹਿਕ ਉੱਠਿਆ। ਐਲੁਮਨੀ ਦਾ ਰੈੱਡ ਕਾਰਪਟ ਸਵਾਗਤ ਰਵਾਇਤੀ ਢੋਲ ਦੀਆਂ ਝੰਕਾਰਾਂ ਅਤੇ ਆਰਤੀ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮਿਲਣ-ਮਿਲਾਪ, ਸਵਾਗਤੀ ਕਿੱਟਾਂ ਅਤੇ ਰੌਣਕ ਭਰੇ ਫੋਟੋ ਬੂਥ ਨੇ ਮੁੜ ਮਿਲਾਪ ਦੇ ਅਨਮੋਲ ਪਲ ਕੈਦ ਕੀਤੇ। ਉਦਘਾਟਨ ਸਮਾਰੋਹ ਦੌਰਾਨ ਅਧਿਆਪਕਾਂ ਵੱਲੋਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਐਲੁਮਨੀ ਹੈੱਡ ਬੋਏਜ਼ ਅਤੇ ਐਲੁਮਨੀ ਹੈੱਡ ਗਰਲਜ਼ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਲੁਮਨੀ ਈ-ਮੈਗਜ਼ੀਨ ਵੀ ਜਾਰੀ ਕੀਤਾ ਗਿਆ, ਜਿਸ ਵਿਚ ਕੇਐੱਨਪੀਐੱਸ ਐਲੁਮਨੀ ਦੀਆਂ ਯਾਤਰਾਵਾਂ, ਉਪਲਬਧੀਆਂ ਅਤੇ ਯਾਦਾਂ ਨੂੰ ਦਰਸਾਇਆ ਗਿਆ। ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪੰਕਜ ਸਰਦਾਨਾ ਜੀ ਨੇ ਐਲੁਮਨੀ ਨਾਲ ਗਰਮਜੋਸ਼ੀ ਨਾਲ ਸੰਵਾਦ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਸਾਬਕਾ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਉਚਾਈਆਂ ਛੂਹ ਰਹੇ ਹਨ ਅਤੇ ਆਪਣੀ ਮਾਂ ਸੰਸਥਾ ਨਾਲ ਡੂੰਘਾ ਨਾਤਾ ਬਣਾਈ ਰੱਖਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸੀ, ਜ਼ਿੰਮੇਵਾਰ ਅਤੇ ਸਫਲ ਨਾਗਰਿਕ ਬਣਾਉਣ ਵਿਚ ਸਕੂਲ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਸੰਸਥਾਪਕ ਪ੍ਰਿੰਸੀਪਲ ਰਮਜੀਤ ਕੌਰ ਢਿੱਲੋਂ ਨੇ ਕਿਹਾ,“ਜਦੋਂ ਅਸੀਂ ਨਵੇਂ ਸਾਲ 2026 ਦੀ ਸ਼ੁਰੂਆਤ ਕਰ ਰਹੇ ਹਾਂ, ਇਹ ਵਿਸ਼ਾਲ ਐਲੁਮਨੀ ਮਿਲਾਪ ਕਮਲਾ ਨਹਿਰੂ ਪਬਲਿਕ ਸਕੂਲ ਦੀ ਯਾਤਰਾ ਦਾ ਸਭ ਤੋਂ ਅਰਥਪੂਰਨ ਮੀਲ ਪੱਥਰ ਹੈ। ਦੁਨੀਆਂ ਭਰ ਤੋਂ ਆਪਣੇ ਵਿਦਿਆਰਥੀਆਂ ਨੂੰ ਮੁੜ ਆਪਣੇ ਘਰ ਆਉਂਦੇ ਦੇਖਣਾ ਇਹ ਸਾਬਤ ਕਰਦਾ ਹੈ ਕਿ ਇਹ ਸੰਸਥਾ ਸਿਰਫ ਆਕਾਰ ਵਿਚ ਨਹੀਂ, ਸਗੋਂ ਦਿਲਾਂ ਅਤੇ ਰਿਸ਼ਤਿਆਂ ਵਿਚ ਵੀ ਵਧੀ ਹੈ।” ਸਮਾਗਮ ਅੱਗੇ ਵਧਦਿਆਂ ਲੰਚ ਅਤੇ ਨੋਸਟਾਲਿਕ ਕੈਂਪਸ ਵਾਕ ਦਾ ਆਯੋਜਨ ਕੀਤਾ ਗਿਆ, ਜਿੱਥੇ ਐਲੁਮਨੀ ਨੇ ਆਪਣੀਆਂ ਜਮਾਤਾਂ, ਲੈਬੋਰਟਰੀਆਂ ਅਤੇ ਖੇਡ ਮੈਦਾਨਾਂ ਨੂੰ ਮੁੜ ਯਾਦਾਂ ਨਾਲ ਜੀਅ ਲਿਆ। ਇਕ ਵੱਡੀ ਗਰੁੱਪ ਫੋਟੋ ਨੇ ਇਸ ਇਤਿਹਾਸਕ ਮਿਲਾਪ ਨੂੰ ਸਦਾ ਲਈ ਸੰਭਾਲ ਲਿਆ। ਸ਼ਾਮ ਦਾ ਸਮਾਂ ਰੰਗੀਨ ਪੰਜਾਬੀ ਰੌਣਕ ਵਿਚ ਬਦਲ ਗਿਆ। ਧੂਣੀ, ਭੰਗੜਾ, ਗਿੱਧਾ, ਸੰਗੀਤ ਅਤੇ ਹਾਸੇ-ਮਜ਼ਾਕ ਨਾਲ ਮਾਹੌਲ ਖੁਸ਼ੀ ਅਤੇ ਏਕਤਾ ਨਾਲ ਭਰ ਗਿਆ। ਸਮਾਗਮ ਦੀ ਸਮਾਪਤੀ ਰੰਗਲਾ ਪੰਜਾਬ, ਫਗਵਾੜਾ ਵਿਚ ਪੰਜਾਬੀ ਡਿਨਰ ਅਤੇ ਸੱਭਿਆਚਾਰਕ ਰਸਮਾਂ ਨਾਲ ਹੋਈ, ਜਿਸ ਨੇ ਇਸ ਮਿਲਾਪ ਨੂੰ ਸੱਚਮੁੱਚ ਯਾਦਗਾਰ ਬਣਾ ਦਿੱਤਾ। ਇਹ ਐਲੁਮਨੀ ਮੀਟ ਕਮਲਾ ਨਹਿਰੂ ਪਬਲਿਕ ਸਕੂਲ ਦੀ ਸ਼ਾਨਦਾਰ ਵਿਰਾਸਤ ਦਾ ਜਸ਼ਨ ਸੀ। ਅੱਜ ਇਸ ਸੰਸਥਾ ਦੇ ਐਲੁਮਨੀ ਡਾਕਟਰ, ਇੰਜੀਨੀਅਰ, ਜੱਜ, ਵਕੀਲ, ਲੇਖਕ, ਕਵੀ, ਕਲਾਕਾਰ, ਗਾਇਕ, ਰੈਪਰ, ਉਦਯੋਗਪਤੀ, ਵਪਾਰਕ ਨੇਤਾ ਅਤੇ ਸੀਈਓ ਵਜੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਆਪਣੀ ਪਹਿਚਾਣ ਬਣਾਈ ਹੋਈ ਹੈ, ਜੋ ਇਸ ਗੱਲ ਦਾ ਸਾਫ਼ ਸਬੂਤ ਹੈ ਕਿ ਕੇਐੱਨਪੀਐੱਸ ਅੱਜ ਵੀ ਉਪਲਬਧੀ ਹਾਸਲ ਕਰਨ ਵਾਲੇ, ਨੇਤਾ ਤੇ ਸਮਾਜਿਕ ਬਦਲਾਅ ਲਿਆਉਣ ਵਾਲੇ ਨਾਗਰਿਕ ਤਿਆਰ ਕਰ ਰਿਹਾ ਹੈ।