ਜੇਸੀਟੀ ਇੰਟਕ ਯੂਨੀਅਨ ਵੱਲੋਂ ਬਸੰਤ ਪੰਚਮੀ ਮੌਕੇ ਦਿੱਤਾ ਸਫਾਈ ਦਾ ਸੰਦੇਸ਼
ਜੇਸੀਟੀ ਇੰਟਕ ਯੂਨੀਅਨ ਵੱਲੋਂ ਬਸੰਤ ਪੰਚਮੀ ਮੌਕੇ ਧਰਮ ਅਤੇ ਸ਼ੁਚਿਤਾ ਦਾ ਸੰਦੇਸ਼
Publish Date: Fri, 23 Jan 2026 06:51 PM (IST)
Updated Date: Fri, 23 Jan 2026 06:54 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਜੇਸੀਟੀ ਇੰਟਕ ਯੂਨੀਅਨ, ਫਗਵਾੜਾ ਸ਼ਾਖਾ ਦੇ ਪ੍ਰਧਾਨ ਧਰਮਿੰਦਰ ਨੇ ਬਸੰਤ ਪੰਚਮੀ ਦੇ ਪਾਵਨ ਮੌਕੇ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਇਸ ਤਿਉਹਾਰ ਨੂੰ ਧਰਮ, ਸ਼ੁਚਿਤਾ ਤੇ ਸਭਿਆਚਾਰ ਦੇ ਪ੍ਰਤੀਕ ਵਜੋਂ ਮਨਾਉਣ ਦੀ ਅਪੀਲ ਕੀਤੀ। ਦਿਲੀਪ ਕੁਮਾਰ ਅਤੇ ਰਿਸ਼ਭ ਸ਼ਰਮਾ ਦੀ ਹਾਜ਼ਰੀ ਵਿਚ ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਸਿਰਫ਼ ਮਾਂ ਸਰਸਵਤੀ ਦੀ ਪੂਜਾ ਤੱਕ ਸੀਮਿਤ ਨਹੀਂ, ਸਗੋਂ ਇਹ ਗਿਆਨ, ਵਿਦਿਆ ਤੇ ਸਮਾਜਿਕ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨ ਵਾਲਾ ਤਿਉਹਾਰ ਵੀ ਹੈ। ਇਹ ਦਿਨ ਸਾਨੂੰ ਜੀਵਨ ਵਿਚ ਵਿਦਿਆ, ਭਗਤੀ ਤੇ ਸੰਯਮ ਦੀ ਮਹੱਤਤਾ ਦਾ ਅਹਿਸਾਸ ਕਰਾਉਂਦਾ ਹੈ। ਸਾਰਿਆਂ ਨੂੰ ਚਾਹੀਦਾ ਹੈ ਕਿ ਮਾਂ ਸਰਸਵਤੀ ਦੀ ਪੂਜਾ ਵਿਧੀਵਤ, ਸ਼ਾਂਤੀ ਅਤੇ ਸ਼ਰਧਾ ਨਾਲ ਕੀਤੀ ਜਾਵੇ ਅਤੇ ਆਪਣੇ ਵਿਹਾਰ ਵਿਚ ਮਰਿਆਦਾ ਬਣਾਈ ਰੱਖੀ ਜਾਵੇ। ਧਰਮਿੰਦਰ ਨੇ ਖ਼ਾਸ ਤੌਰ ‘ਤੇ ਅਪੀਲ ਕੀਤੀ ਕਿ ਮਾਂ ਸਰਸਵਤੀ ਦੀ ਮੂਰਤੀ ਦੇ ਵਿਸਰਜਨ ਸਮੇਂ ਕੇਵਲ ਧਾਰਮਿਕ ਸੰਗੀਤ ਹੀ ਵਜਾਇਆ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ, ਅਸ਼ਲੀਲਤਾ ਜਾਂ ਗਲਤ ਵਿਹਾਰ ਤੋਂ ਬਚਿਆ ਜਾਵੇ। ਇਸ ਮੌਕੇ ਦਿਲੀਪ ਕੁਮਾਰ ਨੇ ਕਿਹਾ ਕਿ ਬਸੰਤ ਪੰਚਮੀ ਸਿਰਫ਼ ਪੂਜਾ ਦਾ ਤਿਉਹਾਰ ਨਹੀਂ, ਬਲਕਿ ਸਮਾਜ ਵਿਚ ਸ਼ੁੱਧਤਾ, ਸਦਾਚਾਰ ਅਤੇ ਸੱਭਿਆਚਾਰਕ ਚੇਤਨਾ ਫੈਲਾਉਣ ਦਾ ਸਾਧਨ ਵੀ ਹੈ। ਉਨ੍ਹਾਂ ਜਨਤਕ ਅਤੇ ਨਿੱਜੀ ਥਾਵਾਂ ‘ਤੇ ਸਫ਼ਾਈ ਬਣਾਈ ਰੱਖਣ ਅਤੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦੇਣ ‘ਤੇ ਜ਼ੋਰ ਦਿੱਤਾ।