500 ਗ੍ਰਾਮ ਚਿੱਟੇ ਤੇ ਪਿਸਤੌਲ ਸਮੇਤ ਨੌਜਵਾਨ ਗ੍ਰਿਫ਼ਤਾਰ
ਜਲੰਧਰ ਐਸਟੀਐਫ ਵੱਲੋਂ ਫਗਵਾੜਾ ਵਿੱਚ ਵੱਡੀ ਕਾਰਵਾਈ, 500 ਗ੍ਰਾਮ ਚਿੱਟੇ ਤੇ ਪਿਸਤੌਲ ਸਮੇਤ ਨੌਜਵਾਨ ਗ੍ਰਿਫ਼ਤਾਰ
Publish Date: Fri, 30 Jan 2026 06:30 PM (IST)
Updated Date: Fri, 30 Jan 2026 06:31 PM (IST)

ਜਲੰਧਰ ਐੱਸਟੀਐੱਫ ਵੱਲੋਂ ਵੱਡੀ ਕਾਰਵਾਈ, ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਜਲੰਧਰ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਟੀਮ ਨੇ ਫਗਵਾੜਾ ਵਿਚ ਵੱਡੀ ਕਾਰਵਾਈ ਕਰਦਿਆਂ ਸਤਨਾਮਪੁਰਾ ਇਲਾਕੇ ਤੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਨੌਜਵਾਨ ਕੋਲੋਂ ਕਰੀਬ 500 ਗ੍ਰਾਮ ਚਿੱਟਾ (ਨਸ਼ੀਲਾ ਪਦਾਰਥ) ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਉਸ ਕੋਲੋਂ ਇਕ ਪਿਸਤੌਲ ਮਿਲਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐੱਸਟੀਐੱਫ ਦੀ ਟੀਮ ਨੂੰ ਮੁਲਜ਼ਮ ਦੀਆਂ ਗਤੀਵਿਧੀਆਂ ਬਾਰੇ ਫਿਲੌਰ ਤੋਂ ਗੁਪਤ ਸੂਚਨਾ ਮਿਲ ਰਹੀ ਸੀ ਤੇ ਉਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਪੱਕੀ ਸੂਚਨਾ ਮਿਲਣ ’ਤੇ ਟੀਮ ਨੇ ਫਗਵਾੜਾ ਵਿਚ ਦੁਪਹਿਰ ਸਮੇਂ ਫਿਲਮੀ ਅੰਦਾਜ਼ ਵਿਚ ਪਿੱਛਾ ਕਰਕੇ ਨੌਜਵਾਨ ਨੂੰ ਕਾਬੂ ਕਰ ਲਿਆ। ਕਾਰਵਾਈ ਦੌਰਾਨ ਇਲਾਕੇ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ ਗਿਆ, ਜਿਸ ਨਾਲ ਆਸ-ਪਾਸ ਦੇ ਖੇਤਰ ਵਿਚ ਹੜਕੰਪ ਮਚ ਗਿਆ। ਫੜੇ ਗਏ ਨੌਜਵਾਨ ਦੀ ਪਹਿਚਾਣ ਮਨਜੋਤ ਵਜੋਂ ਹੋਈ ਹੈ। ਇਸ ਸਬੰਧ ਵਿਚ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਐੱਸਟੀਐੱਫ ਦੀ ਟੀਮ ਵੱਲੋਂ ਫਗਵਾੜਾ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਬਰਾਮਦਗੀ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥ ਦੀ ਸਹੀ ਮਾਤਰਾ 503 ਗਰਾਮ ਦੱਸੀ ਗਈ ਹੈ। ਐੱਸਟੀਐੱਫ ਵੱਲੋਂ ਕੇਸ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰਨ ਤੋਂ ਬਾਅਦ ਪੂਰੇ ਮਾਮਲੇ ਦਾ ਵਿਸਥਾਰ ਨਾਲ ਖੁਲਾਸਾ ਮੀਡੀਆ ਸਾਹਮਣੇ ਕੀਤਾ ਜਾਵੇਗਾ।