ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਵਰਕਰ ਤੇ ਆਗੂ ਆਪਣੇ ਘਰਾਂ 'ਤੇ ਲਹਿਰਾਉਣਗੇ ਕਾਲੇ ਝੰਡੇ

ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਦੇ ਵਰਕਰ ਤੇ ਆਗੂ ਆਪਣੇ ਘਰਾਂ 'ਤੇ ਲਹਿਰਾਉਣਗੇ ਕਾਲੇ ਝੰਡੇ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਭਾਜਪਾ ਸਰਕਾਰ ਵਾਲੇ ਸੂਬਿਆਂ 'ਚ ਸਰਕਾਰਾਂ ਦੀ ਸ਼ਹਿ 'ਤੇ ਦਲਿਤਾਂ ਤੇ ਧਾਰਮਿਕ ਘੱਟ ਗਿਣਤੀਆਂ 'ਤੇ ਕੀਤੇ ਜਾ ਰਹੇ ਜ਼ਬਰ-ਜੁਲਮ ਨੂੰ ਲੈ ਕੇ ਜੈ ਭੀਮ ਟੀਮ ਪੰਜਾਬ ਵੱਲੋਂ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਡਾ. ਜੱਖੂ ਨੇ ਦੱਸਿਆ ਕਿ ਜੈ ਭੀਮ ਟੀਮ ਪੰਜਾਬ ਦੇ ਸਮਾਜਿਕ ਵਿੰਗ ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਤੇ ਜੈ ਭੀਮ ਯੂਨਾਈਟਿਡ ਵੂਮੈਨ ਫੈੱਡਰੇਸ਼ਨ ਦੀਆਂ ਆਗੂਆਂ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਉਕਤ ਅਹਿਮ ਫੈਸਲਾ ਕੀਤਾ ਗਿਆ ਹੈ। ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਬੀਜੇਪੀ ਦੇ ਰਾਜ ਵਾਲੇ ਸੂਬਿਆਂ 'ਚ ਦਲਿਤ ਸਮਾਜ ਹਰ ਪਲ ਦਹਿਸ਼ਤ ਵਿਚ ਬਿਤਾ ਰਿਹਾ ਹੈ ਤੇ ਆਰਐੱਸਐੱਸ, ਬੀਜੇਪੀ ਤੇ ਗਰਮ ਖਿਆਲੀ ਹਿੰਦੂ ਜਥੇਬੰਦੀਆਂ ਦੇ ਵਰਕਰ ਤੇ ਆਗੂ ਬਿਨਾਂ ਕਿਸੇ ਡਰ ਦੇ ਸਰਕਾਰੀ ਸ਼ਹਿ ’ਤੇ ਜ਼ੁਲਮ ਕਰ ਰਹੇ ਹਨ। ਸੂਬਿਆਂ ਵਿਚ ਦਲਿਤ ਲਾੜੇ ਘੋੜੀ ’ਤੇ ਚੜ੍ਹਨ ਤੋਂ ਰੋਕੇ ਤੇ ਕੁੱਟੇ ਜਾਂਦੇ ਹਨ। ਜੇਕਰ ਕੋਈ ਦਲਿਤ ਨੌਜਵਾਨ ਬੁਲੇਟ ਮੋਟਰਸਾਈਕਲ ਖਰੀਦਦਾ ਹੈ ਤਾਂ ਉਸਦੇ ਗੁੱਟ ਵੱਡ ਦਿੱਤੇ ਜਾਂਦੇ ਹਨ, ਦਲਿਤਾਂ ਦੀਆਂ ਨੂੰਹਾਂ ਤੇ ਧੀਆਂ ਨੂੰ ਦਿਨ-ਦਿਹਾੜੇ ਚੁੱਕ ਕੇ ਬਲਾਤਕਾਰ ਕੀਤੇ ਜਾ ਰਹੇ ਹਨ। ਸਕੂਲਾਂ ਸਮੇਤ ਸਮੇਤ ਸਰਕਾਰੀ ਅਦਾਰਿਆਂ ਵਿਚ ਦਲਿਤ ਕਰਮਚਾਰੀਆਂ ਨੂੰ ਜਲੀਲ ਕਰਨ ਲਈ ਦਰਵਾਜੇ ’ਤੇ ਦੋ-ਦੋ ਘੰਟੇ ਖੜ੍ਹੇ ਰਹਿਣ ਦੀ ਸਜ਼ਾ ਦਿੱਤੀ ਜਾਦੀ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਸਾਰੇ ਧਰਮਾਂ ਤੇ ਵਰਗਾਂ ਦੀਆਂ ਔਰਤਾਂ ਤੇ ਦਲਿਤਾਂ ਨੂੰ ਇੱਜਤ ਦੀ ਜ਼ਿੰਦਗੀ ਦੇਣ ਵਾਲੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ਨੂੰ ਤੋੜਿਆ ਜਾ ਰਿਹਾ ਹੈ। ਇਹੋ ਜਿਹਾ ਰਾਜ ਭਾਜਪਾ ਵਾਲੇ ਪੰਜਾਬ ਵਿਚ ਵੀ ਲੈ ਕੇ ਆਉਣ ਦਾ ਏਜੰਡਾ ਲਈ ਫਿਰਦੇ ਹਨ। ਇਹ ਸਾਡਾ ਪੰਜਾਬੀਆਂ ਦਾ ਦੁਖ਼ਾਂਤ ਹੈ ਕਿ ਨਿੱਜੀ ਲਾਲਚਾਂ ਹਿੱਤ ਸਿੱਖਾਂ ਦੇ ਰਵਾਇਤੀ ਆਗੂ ਤੇ ਦਲਿਤਾਂ ਦੇ ਕੁੱਝ ਆਗੂ ਭਾਜਪਾ ਨਾਲ ਹੱਥ ਮਿਲਾਈ ਬੈਠੇ ਹਨ, ਸਾਡੀ ਉਨ੍ਹਾਂ ਨੂੰ ਵੀ ਅਪੀਲ ਹੈ ਕਿ ਉਹ ਪੰਜਾਬ ਭਾਜਪਾ (ਮਨੂੰ ਦੇ ਵਿਧਾਨ) ਦੇ ਹਵਾਲੇ ਕਰਨ ਵਾਲੇ ਸਿਆਸੀ ਟਕੂਏ ਦੇ ਦਸਤੇ ਨਾ ਬਣਨ। ਡਾ. ਜੱਖੂ ਨੇ ਦਲਿਤ ਤੇ ਸਿੱਖ ਸਮਾਜ ਨੂੰ ਅਪੀਲ ਕੀਤੀ ਕਿ ਜੇਕਰ ਅਣਖ ਰੱਖਦੇ ਹੋ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ 14 ਮਾਰਚ ਦੇ ਭਾਜਪਾ ਦੇ ਇਕੱਠ ਤੋਂ ਦੂਰੀ ਬਣਾ ਕੇ ਰੱਖਣ। ਡਾ.ਜੱਖੂ ਨੇ ਜਥੇਬੰਦੀ ਦੇ ਵਰਕਰਾਂ ਤੇ ਪੰਜਾਬ ਵਿਚ ਵੱਸਦੇ ਅੰਬੇਡਕਰੀ ਸਮਾਜ (ਅਨੁਸੂਚਿਤ ਤੇ ਪਿਛੜੀਆਂ ਸ਼੍ਰੇਣੀਆਂ ਤੇ ਧਾਰਮਿਕ ਘੱਟ ਗਿਣਤੀਆਂ) ਨੂੰ ਪੁਰਜ਼ੋਰ ਅਪੀਲ ਕੀਤੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਦੀ ਪੰਜਾਬ ਫੇਰੀ ਦੇ ਵਿਰੋਧ ਵਿਚ ਆਪੋ-ਆਪਣੇ ਘਰਾਂ ’ਤੇ ਕਾਲੇ ਝੰਡੇ ਲਹਿਰਾ ਕੇ ਰੋਸ ਜ਼ਾਹਿਰ ਕਰਨ। ਡਾ. ਜੱਖੂ ਨੇ ਦਲਿਤਾਂ ਸਮਾਜ ਦੇ ਧਾਰਮਿਕ ਡੇਰਿਆਂ ਦੇ ਬਹੁਤ ਹੀ ਸਤਿਕਾਰਯੋਗ ਸੰਤਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੀਆਂ ਚਾਲਾਂ ਨੂੰ ਸਮਝਦੇ ਹੋਏ ਭਾਜਪਾ ਤੋਂ ਦੂਰੀ ਬਣਾਈ ਰੱਖਣ। ਇਸ ਮੌਕੇ ਜੈ ਭੀਮ ਟੀਮ ਪੰਜਾਬ ਦੀ ਸਮੁੱਚੀ ਸੀਨਿਆਰ ਲੀਡਰ ਲੀਡਰਸ਼ੀਪ ਪ੍ਰਿੰਸੀਪਲ ਕੇਵਲ ਸਿੰਘ, ਗੁਰਚਰਨ ਸਿੰਘ ਉੱਪਲ, ਹੈਪੀ ਕੌਲ, ਜਸਵਿੰਦਰ ਤਲਵਣ, ਜਗਬੀਰ ਸਿੰਘ ਸਹੂੰਗੜਾ, ਮਾਸਟਰ ਕੁਲਦੀਪ ਸਿੰਘ ਮਸੀਤੀ, ਜਸਵੰਤ ਸਿੰਘ ਫੌਜੀ, ਬੀਬੀ ਕੁਲਵਿੰਦਰ ਕੌਰ ਕਪੂਰਥਲਾ ਆਦਿ ਹਾਜ਼ਰ ਸਨ।