ਬਾਬਾ ਸਾਹਿਬ ਦੇ ਬੁੱਤਾ ਦਾ ਨਿਰਾਦਰ ਬਰਦਾਸ਼ਤ ਨਹੀਂ ਕਰਾਂਗੇ
ਜੈ ਭੀਮ ਪੰਜਾਬ ਟੀਮ ਬਾਬਾ ਸਾਹਿਬ ਜੀ ਦੇ ਬੁੱਤਾ ਦਾ ਨਿਰਾਦਰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ
Publish Date: Wed, 01 Apr 2026 07:57 PM (IST)
Updated Date: Thu, 02 Apr 2026 04:11 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਬੀਤੇ ਦਿਨ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਸੰਵਿਧਾਨ ਨਿਰਮਾਤਾ ਡਾਕਟਰ ਬੀ.ਆਰ. ਅੰਬੇਡਕਰ ਜੀ ਦੇ ਬੁੱਤ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਰਕਾਰ ਨੂੰ ਤੋਂ ਮੰਗ ਕੀਤੀ ਕਿ ਅਖੌਤੀ ਅੱਤਵਾਦੀ ਅਤੇ ਏਜੰਸੀਆਂ ਦੇ ਏਜੰਟ ਗੁਰਪਤਵੰਤ ਸਿੰਘ ਪੰਨੂੰ ਅਤੇ ਉਸਦੀ ਸਹਿ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਦਾ ਨਿਰਾਦਰ ਕਰਨ ਵਾਲਿਆ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ। ਡਾ. ਜੱਖੂ ਨੇ ਐਲਾਨ ਕੀਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ, ਤਾਂ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਡਾ.ਜੱਖੂ ਨੇ ਕਿਹਾ ਕਿ ਸਰਕਾਰਾਂ ਦੀ ਮਿਲੀਭੁਗਤ ਨਾਲ ਪੰਜਾਬ ਅੰਦਰ ਕਈ ਵਾਰ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਹੋ ਚੁੱਕੀ ਹੈ, ਪਰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਵੀ ਪੰਜਾਬ ਦੀ ਆਪ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਸੁਰੱਖਿਆ ਦੇ ਕੋਈ ਪੁਖ਼ਤਾ ਇੰਤਜ਼ਾਮ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਹ ਚੁੱਪ ਸਾਬਤ ਕਰਦੀ ਹੈ ਕਿ ਦੋਵੇਂ ਸਰਕਾਰਾਂ ਦੀ ਮਾਨਸਿਕਤਾ ਅੰਬੇਡਕਰ ਵਿਰੋਧੀ ਹੈ ਅਤੇ ਪੰਜਾਬ ਪੁਲਿਸ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਡਾ. ਜੱਖੂ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਫੇਲ੍ਹ ਹੋ ਚੁੱਕੀ ਹੈ। ਉਨ੍ਹਾ ਨੇ ਪੰਜਾਬ ਵਿੱਚ ਦਲਿਤਾਂ ਅਤੇ ਪਛੜੇ ਵਰਗਾਂ ਦੇ ਰਹਿਬਰਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾ.ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਪੰਜਾਬ ਅੰਦਰ ਬਾਰ-ਬਾਰ ਬਾਬਾ ਸਾਹਿਬ ਜੀ ਦੇ ਬੁੱਤਾਂ ਦੀ ਬੇਅਦਬੀ ਹੋਣਾ ਕਿਸੇ ਡੂੰਘੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ ਤਾਂ ਜੋ ਸਮਾਜਿਕ ਭਾਈਚਾਰੇ ਨੂੰ ਭੰਗ ਕੀਤਾ ਜਾ ਸਕੇ। ਉਨ੍ਹਾ ਨੇ ਕਿਹਾ ਕਿ ਬਾਬਾ ਸਾਹਿਬ ਜੀ ਸਾਡੀ ਆਨ, ਬਾਨ ਅਤੇ ਸ਼ਾਨ ਹਨ। ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੀ ਟੀਮ ਬਾਬਾ ਸਾਹਿਬ ਜੀ ਦੇ ਬੁੱਤਾ ਦਾ ਨਿਰਾਦਰ ਕਦੇ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਪ੍ਰਿੰਸੀਪਲ ਕੇਵਲ ਸਿੰਘ ਸਰਪ੍ਰਸਤ, ਹੈਪੀ ਕੌਲ ਸਟੇਟ ਕੋਆਰਡੀਨੇਟਰ, ਅਸ਼ਵਨੀ ਬਘਾਣੀਆ, ਸੰਜੀਵ ਮੂਲਨਿਵਾਸੀ, ਜਸਵੰਤ ਸਿੰਘ ਫੋਜੀ, ਮਹਿੰਦਰ ਸਿੰਘ, ਸੋਨੂੰ ਜੱਖੂ, ਨਿਰਮਲ ਸਮਰਾ, ਗੁਰਦੀਪ ਗੁਰਾਇਆ, ਲਵੀ ਪੰਚ, ਹੈਂਸੀ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।