ਮਰਦਮਸ਼ੁਮਾਰੀ ਲਈ ਨਿਯੁਕਤ ਕੀਤੇ ਗਿਣਤੀਕਾਰਾਂ ਦੀ ਪ੍ਰਸ਼ਾਸਨ ਵੱਲੋਂ ਅਣਦੇਖੀ ਕਰਨਾ ਮੰਦਭਾਗਾ, ਜਥੇਬੰਦੀਆਂ ’ਚ ਰੋਸ
ਮਰਦਮਸ਼ੁਮਾਰੀ ਲਈ ਨਿਯੁਕਤ ਕੀਤੇ ਗਏ ਗਿਣਤੀਕਾਰਾਂ ਦੀ ਪ੍ਰਸ਼ਾਸਨ ਵੱਲੋਂ ਅਣਦੇਖੀ ਕਰਨਾ ਮੰਦਭਾਗਾ, ਜਥੇਬੰਦੀਆਂ ਵਿੱਚ ਰੋਸ
Publish Date: Wed, 10 Jun 2026 08:20 PM (IST)
Updated Date: Thu, 11 Jun 2026 04:09 AM (IST)

ਕੈਪਸ਼ਨ : 10ਕੇਪੀਟੀ10 ਗੱਲਬਾਤ ਕਰਦੇ ਹੋਏ ਗੋਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਤੇ ਹੋਰ । ਕੁਲਬੀਰ ਸਿੰਘ ਮਿੰਟੂ/ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਰਤ ਸਰਕਾਰ ਵੱਲੋਂ ਕਰਵਾਈ ਜਾ ਰਹੀ ਮਰਦਮਸ਼ੁਮਾਰੀ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਵਿਚੋਂ ਨਿਯੁਕਤ ਕੀਤੇ ਗਏ ਗਿਣਤੀਕਾਰਾਂ ਨੂੰ ਪ੍ਰਸ਼ਾਸਨ ਵੱਲੋਂ ਅਣਦੇਖਿਆ ਕੀਤੇ ਜਾਣ ’ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਰੋਸ ਪ੍ਰਗਟਾਇਆ ਹੈ। ਵਰਨਣਯੋਗ ਯੋਗ ਹੈ ਕਿ ਪਿਛਲੇ 20-25 ਦਿਨਾਂ ਤੋਂ ਮਰਦਮਸ਼ੁਮਾਰੀ ਕਰਨ ਲਈ ਗਿਣਤੀਕਾਰ ਭਾਰੀ ਗਰਮੀ ਦੇ ਬਾਵਜੂਦ ਘਰ ਘਰ ਜਾ ਕੇ ਆਪਣਾ ਕੰਮ ਨਿਪਟਾਇਆ। ਇਸ ਮਰਦਮਸ਼ੁਮਾਰੀ ’ਚ ਪ੍ਰਸ਼ਾਸਨ ਨੇ ਵੱਡੀ ਪੱਧਰ ’ਤੇ ਇਸਤਰੀ ਗਿਣਤੀਕਾਰਾਂ ਦੀ ਡਿਊਟੀ ਲਾਈ। ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਜ਼ਿਕਰਯੋਗ ਹੈ ਪ੍ਰਸ਼ਾਸਨ ਵੱਲੋਂ ਸਿਫਾਰਸ਼ੀ ਅਤੇ ਚਹੇਤਿਆਂ ਦੀਆਂ ਡਿਊਟੀਆਂ ਕੱਟ ਦਿੱਤੀਆਂ ਗਈਆਂ ਸਨ। ਗਿਣਤੀਕਾਰਾਂ ਨੇ ਭਾਰੀ ਮੁਸ਼ਕਲਾਂ ਦੇ ਬਾਵਜੂਦ ਸਮੇਂ ਸਿਰ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦਾ ਕੰਮ ਪੂਰਾ ਕੀਤਾ। ਬੀਤੇ ਦਿਨ ਜਦੋਂ ਨਕਸ਼ੇ ਅਤੇ ਹੋਰ ਰਿਕਾਰਡ ਜਮਾਂ ਕਰਵਾਉਣ ਲਈ ਤਹਿਸੀਲ ਦਫ਼ਤਰ ਸੱਦਿਆ ਗਿਆ ਤਾਂ ਉੱਥੇ ਭਾਰੀ ਗਰਮੀ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਮੌਕੇ ਤੇ ਹਾਜਰ ਇਸਤਰੀ ਗਿਣਤੀਕਾਰਾਂ ਨੇ ਦੱਸਿਆ ਕਿ ਸਖ਼ਤ ਗਰਮੀ ਕਾਰਨ ਉਨ੍ਹਾਂ ਨੂੰ ਪਿੰਡਾਂ ਵਿੱਚ ਦੁਪਹਿਰ ਸਮੇਂ ਨਕਸ਼ੇ ਬਣਾਉਣ ਅਤੇ ਘਰਾਂ ਤੇ ਨੰਬਰ ਲਾਉਣ ਸਮੇਂ ਬਹੁਤ ਦਿੱਕਤ ਆਈ। ਲੋਕਾਂ ਵੱਲੋਂ ਵੀ ਕੋਈ ਬਹੁਤਾ ਸਹਿਯੋਗ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਧੰਨਵਾਦ ਤਾਂ ਕੀ ਕਰਨਾ ਸੀ ਉਨ੍ਹਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ ਗਿਆ। ਗਿਣਤੀਕਾਰਾਂ ’ਚ ਇਹ ਵੀ ਰੋਸ ਹੈ ਕਿ ਫ਼ੀਲਡ ਵਿਚ ਜਾ ਕੇ ਕੰਮ ਉਨ੍ਹਾਂ ਕੀਤਾ ਅਤੇ ਪ੍ਰਸ਼ਾਸਨ ਨੇ ਸਨਮਾਨਿਤ ਸੁਪਰਵਾਈਜ਼ਰਾਂ ਨੂੰ ਕਰ ਦਿੱਤਾ। ਇਸ ਮੌਕੇ ਗੋਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ, ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਪ੍ਰਦੀਪ ਸਿੰਘ ਘੁਮਾਣ, ਕੰਵਰਦੀਪ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਬੂਲਪੁਰ, ਅਸ਼ਵਨੀ ਕੁਮਾਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਗਿਣਤੀਕਾਰਾਂ ਦੀ ਇਸ ਤਰ੍ਹਾਂ ਅਣਦੇਖੀ ਕੀਤੀ ਤਾਂ ਕੋਈ ਵੀ ਅਧਿਆਪਕ ਇਹ ਡਿਊਟੀ ਨਹੀਂ ਕਰੇਗਾ । ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਡਿਊਟੀਆਂ ਲਾਉਣ ਸਮੇਂ ਅਧਿਆਪਕਾਂ ਨਾਲ ਧੱਕਾ ਕਰਦਿਆਂ ਉਨ੍ਹਾਂ ਨੂੰ ਦੂਰ ਦੁਰਾਡੇ ਥਾਵਾਂ ਤੇ ਨਿਯੁਕਤ ਕੀਤਾ । ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਫ਼ੀਲਡ ਵਿੱਚ ਮੁਸ਼ਕਲ ਹਾਲਤਾਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਖਿਆਲ ਰੱਖੇ।