ਕਬਰਸਤਾਨ ਦੀ ਖੁਰਦ-ਬੁਰਦ ਹੋਈ ਗ੍ਰਾਂਟ ਦੀ ਜਾਂਚ ‘ਚ ਤੇਜੀ ਲਿਆਂਦੀ ਜਾਵੇ : ਅਟਵਾਲ
ਕਬਰਸਤਾਨ ਦੀ ਖੁਰਦ-ਬੁਰਦ ਹੋਈ ਗ੍ਰਾਂਟ ਦੀ ਜਾਂਚ ‘ਚ ਤੇਜੀ ਲਿਆਂਦੀ ਜਾਵੇ-ਅਟਵਾਲ
Publish Date: Fri, 20 Mar 2026 09:59 PM (IST)
Updated Date: Fri, 20 Mar 2026 10:01 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਈਸਾਈ ਭਾਈਚਾਰੇ ਦੇ ਕਬਰਸਤਾਨ ਦੀ ਉਸਾਰੀ ਲਈ ਜਾਰੀ ਹੋਈ ਦਸ ਲੱਖ ਰੁਪਏ ਦੀ ਗ੍ਰਾਂਟ, ਜੋ ਕਪੂਰਥਲਾ ਦੇ ਕੁਝ ਕਥਿਤ ਅਖੌਤੀ ਪਾਸਟਰਾਂ ਵੱਲੋਂ ਖੁਰਦ-ਬੁਰਦ ਕਰ ਲਈ ਗਈ ਸੀ, ਦੀ ਸ਼ਿਕਾਇਤ ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ 18 ਦਸੰਬਰ 2025 ਨੂੰ ਕੀਤੀ ਸੀ। ਜੋਗਾ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਕਪੂਰਥਲਾ ਕਰ ਰਹੇ ਹਨ। ਜਾਂਚ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਰਫਤਾਰ ਬੇਹੱਦ ਢਿੱਲੀ ਹੈ। ਤਿੰਨ ਮਹੀਨਿਆਂ ਤੋਂ ਉੱਪਰ ਸਮਾਂ ਬੀਤ ਗਿਆ ਹੈ, ਜਾਂਚ ਕਿਸੇ ਤਣ-ਪੱਤਣ ਨਹੀਂ ਲੱਗੀ, ਜਿਸ ਕਾਰਨ ਕਥਿਤ ਦੋਸ਼ੀ 10 ਲੱਖ ਰੁਪਏ ਡਕਾਰ ਕੇ ਸ਼ਰੇਆਮ ਘੁੰਮ ਰਹੇ ਹਨ। ਚਰਚ ਬਚਾਓ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਪੂਰਥਲਾ ਦੇ ਈਸਾਈ ਭਾਈਚਾਰੇ ਦੇ ਕਬਰਸਤਾਨ ਦੀ ਉਸਾਰੀ ਲਈ ਕਬਰਸਤਾਨ ਵੈੱਲਫੇਅਰ ਕਮੇਟੀ ਨੂੰ ਦਸ ਲੱਖ ਰੁਪਏ ਗ੍ਰਾਂਟ ਵਜੋਂ ਜਾਰੀ ਹੋਏ ਸਨ। ਉਹ ਕਬਰਸਤਾਨ ਦੀ ਉਸਾਰੀ ਵਾਸਤੇ ਖਰਚ ਕੀਤੇ ਜਾਣੇ ਸਨ, ਪਰ ਕਬਰਸਤਾਨ ਵੈੱਲਫੇਅਰ ਕਮੇਟੀ, ਸਬੰਧਤ ਪੰਚਾਇਤ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਰਮਿਆਨ ਚੰਗੇ ਤਾਲਮੇਲ ਦੀ ਅਣਹੋਂਦ ਕਰਕੇ ਇਹ ਦਸ ਲੱਖ ਦੀ ਗ੍ਰਾਂਟ ਕਪੂਰਥਲਾ ਦੇ ਕੁਝ ਅਖੌਤੀ ਪਾਸਟਰਾਂ ਹੱਥੀਂ ਚੜ੍ਹ ਗਈ ਤੇ ਉਹ ਡਕਾਰ ਗਏ। ਪਿਛਲੇ ਚਾਰ ਸਾਲਾਂ ਤੋਂ ਇਸਾਈ ਭਾਈਚਾਰੇ ਦਾ ਵੈੱਲਫੇਅਰ ਛੱਡ ਆਪੇ ਬਣੇ ਪਾਸਟਰ ਆਪਣਾ-ਆਪਣਾ ਵੈੱਲਫੇਅਰ ਕਰਨ ‘ਤੇ ਲੱਗੇ ਹੋਏ ਹਨ, ਪਰ ਪ੍ਰਸ਼ਾਸ਼ਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਈਸਾਈ ਆਗੂ ਜੋਗਾ ਸਿੰਘ ਅਟਵਾਲ ਨੇ ਦੱਸਿਆ ਕਿ ਬਹੁਤ ਵਾਰ ਸਬੰਧਤ ਅਧਿਕਾਰੀ ਨੂੰ ਦਫਤਰ ਜਾ ਕੇ ਮਿਲੇ ਹਾਂ ਪਰ ਕਦੇ ਵੀ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਹਾਰ ਕੇ ਮਿਤੀ 11 ਮਾਰਚ ਨੂੰ ਸੂਚਨਾ ਅਧਿਕਾਰ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਜਾਣਕਾਰੀ ਮੰਗੀ ਹੈ ਤਾਂ ਜੋ ਪਤਾ ਲੱਗ ਸਕੇ ਕੇ ਜਾਂਚ ਕਿੱਥੇ ਤੱਕ ਪੁੱਜੀ ਹੈ।